ਹੁਸ਼ਿਆਰਪੁਰ 'ਚ ਸਵੱਛ ਭਾਰਤ ਮੁਹਿੰਮ ਦੀ ਖੁੱਲ੍ਹੀ ਪੋਲ - ਨਗਰ ਨਿਗਮ
ਹੁਸ਼ਿਆਰਪੁਰ: ਅੱਜ ਕੇਂਦਰ ਸਰਕਾਰ ਦੀ ਸਵੱਛ ਭਾਰਤ ਮੁਹਿੰਮ ਅਤੇ ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਮੁਹਿੰਮ ਦੀ ਉਸ ਸਮੇਂ ਪੋਲ ਖੁੱਲ੍ਹ ਗਈ ਜਦੋਂ ਮੁਹੱਲਾ ਗੋਰਾਂ ਗੇਟ ਦੇ ਦੁਕਾਨਦਾਰਾਂ ਨੇ ਗੰਦਗੀ ਦੀ ਸਮੱਸਿਆ ਨੂੰ ਲੈ ਕੇ ਨਗਰ ਨਿਗਮ ਅਤੇ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਸਥਾਨਕ ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਇਹ ਗੰਦਗੀ ਦੇ ਢੇਰ ਲੱਗੇ ਪਏ ਹਨ। ਇਸ ਸਮੱਸਿਆ ਨੂੰ ਲੈ ਕੇ ਉਨ੍ਹਾਂ ਵੱਲੋਂ ਕਈ ਵਾਰ ਨਗਰ ਨਿਗਮ ਅਤੇ ਉੱਚ ਅਧਿਕਾਰੀਆਂ ਤੱਕ ਵੀ ਪਹੁੰਚ ਕੀਤੀ ਗਈ ਹੈ ਪਰ ਨਗਰ ਨਿਗਮ ਦੇ ਅਧਿਕਾਰੀਆਂ ਦੇ ਕੰਨ ਉੱਤੇ ਕੋਈ ਜੂੰ ਨਹੀਂ ਸਰਕੀ ਰਹੀ। ਉਨ੍ਹਾਂ ਕਿਹਾ ਕਿ ਗੰਦਗੀ ਦੇ ਢੇਰ ਕਾਰਨ ਉਨ੍ਹਾਂ ਦੀਆਂ ਦੁਕਾਨਾਂ ਉੱਤੇ ਗਾਹਕ ਆਉਣ ਤੋਂ ਵੀ ਕਤਰਾਉਂਦੇ ਹਨ ਅਤੇ ਗੰਦਗੀ ਤੋਂ ਉੱਠਣ ਵਾਲੀ ਗੰਦੀ ਬਦਬੂ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲਣ ਦਾ ਵੀ ਖਦਸ਼ਾ ਬਣਿਆ ਹੋਇਆ ਹੈ।