ਮਾਨਸਾ ਦੇ ਸਿਵਲ ਹਸਪਤਾਲ 'ਚ ਕੈਂਸਰ ਮਰੀਜਾਂ ਲਈ ਓਪੀਡੀ ਸ਼ੁਰੂ - Mansa latest news update
ਮਾਨਸਾ : ਕੈਂਸਰ ਦੀ ਬਿਮਾਰੀ ਤੋਂ ਬਚਾਅ ਅਤੇ ਇਲਾਜ ਲਈ ਜਾਗਰੂਕ ਕਰਨ ਲਈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਵੱਲੋਂ ਮਾਨਸਾ ਵਿਖੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ 'ਚ ਕਈ ਮਾਹਿਰ ਡਾਕਟਰਾਂ ਨੇ ਸ਼ਿਰਕਤ ਕੀਤੀ। ਮਹਿਰਾਂ ਵੱਲੋਂ ਮੈਡੀਕਲ ਅਫ਼ਸਰ ਕਮਿਊਨਿਟੀ ਸਿਹਤ ਅਧਿਕਾਰੀਆਂ,ਆਸ਼ਾ ਵਰਕਰਾਂ,ਏਐਨਐਮਜ਼ ਅਤੇ ਆਂਗਣਵਾੜੀ ਵਰਕਰਾਂ ਤੇ ਲੋਕਾਂ ਨੂੰ ਕੈਂਸਰ ਦੀ ਜਲਦ ਹੀ ਪਹਿਚਾਣ ਸਬੰਧੀ ਤਰੀਕੇ ਦੱਸੇ ਗਏ। ਇਸ ਬਾਰੇ ਮਾਨਸਾ ਦੇ ਸਿਵਲ ਸਰਜਨ ਡਾ. ਲਾਲ ਚੰਦ ਠੁਕਰਾਲ ਨੇ ਦੱਸਿਆ ਕਿ ਮਾਨਸਾ 'ਚ ਕੈਂਸਰ ਮਰੀਜ਼ਾਂ ਦੀ ਗਿਣਤੀ ਇੱਕ ਲੱਖ ਪਿਛੇ 57 ਮਰੀਜ਼ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਸਿਹਤ ਵਿਭਾਗ ਵੱਲੋਂ ਘਰ-ਘਰ ਜਾ ਕੇ ਸਰਵੇ ਕੀਤਾ ਗਿਆ, ਜਿਸ 'ਚ ਕੁੱਲ 450 ਮਰੀਜ਼ ਰਜਿਸਟਰਡ ਹੋਏ ਹਨ। ਅੰਕੜਿਆਂ ਦੇ ਮੁਤਾਬਕ ਮਰਦਾਂ ਦੇ ਮੁਕਾਬਲੇ ਔਰਤਾਂ ਕੈਂਸਰ ਦੀ ਗਿਫ੍ਰਤ ਵਿੱਚ ਜ਼ਿਆਦਾ ਹਨ। ਜ਼ਿਲ੍ਹੇ ਦੇ ਲੋਕਾਂ ਨੂੰ ਚੰਗਾ ਇਲਾਜ ਮੁਹਇਆ ਕਰਵਾਉਣ ਲਈ ਜਲਦ ਹੀ ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ ਵੱਲੋਂ ਇੱਕ ਰੋਜ਼ਾ ਓਪੀਡੀ ਸਿਵਲ ਹਸਪਤਾਲ ਮਾਨਸਾ ਵਿਖੇ ਸ਼ੁਰੂ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਇਸ ਰਾਹੀ ਮਰੀਜਾਂ ਨੂੰ ਵਧੀਆ ਸਿਹਤ ਸਹੂਲਤਾਂ ਉਪਲੱਬਧ ਕਰਵਾਇਆ ਜਾਣਗੀਆਂ। ਇਸ ਤੋਂ ਇਲਾਵਾ ਕੈਂਸਰ ਦੇ ਇਲਾਜ ਦੇ ਲਈ ਕੀਮੋਥੈਰੇਪੀ ਦਵਾਈਆਂ 67 ਫੀਸਦੀ ਸਬਸਿਡੀ 'ਤੇ ਉਪਲੱਬਧ ਹਨ ਅਤੇ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਦੇ ਮਰੀਜ਼ਾਂ ਦਾ ਡੇਢ ਲੱਖ ਤੱਕ ਮੁਫ਼ਤ ਇਲਾਜ ਕੀਤਾ ਜਾਂਦਾ ਹੈ।