ਵਿਰੋਧੀਆਂ ਦੇ ਨਿਸ਼ਾਨੇ 'ਤੇ ਸਿੱਖਿਆ ਮੰਤਰੀ - ਮਿਊਂਸੀਪਲ ਚੋਣਾਂ
ਚੰਡੀਗੜ੍ਹ: ਮਿਊਂਸੀਪਲ ਚੋਣਾਂ ਦੌਰਾਨ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਲਈ ਸਿੱਖਿਆ ਮੰਤਰੀ ਵਿਰੋਧੀਆਂ ਦੇ ਨਿਸ਼ਾਨੇ 'ਤੇ ਹਨ। ਉਨ੍ਹਾਂ ਵੱਲੋਂ ਇਸ ਤਰੀਕੇ ਦੇ ਬਿਆਨ ਜਾਰੀ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਚੋਣ ਕਮਿਸ਼ਨ ਨੂੰ ਐਕਸ਼ਨ ਲੈਣਾ ਚਾਹੀਦਾ। ਇਹ ਕਹਿਣਾ ਹੈ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਦਾ। ਦਰਅਸਲ 6 ਫ਼ਰਵਰੀ ਨੂੰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਬਿਆਨ ਆਉਂਦਾ ਹੈ ਕਿ ਸਿੱਖਿਆ ਵਿਭਾਗ ਅਧੀਨ ਕੰਮ ਕਰ ਰਹੇ ਅਧਿਆਪਕਾਂ ਅਤੇ ਵਲੰਟਰੀਆਂ ਲਈ ਸੈਸ਼ਨ 2021-22 ਦੀਆਂ ਆਮ ਬਦਲੀਆਂ ਦੀਆਂ ਅਰਜ਼ੀਆਂ ਦਾ ਪੋਰਟਲ 2019 ਦੇ ਆਧਾਰ 'ਤੇ 6 ਫ਼ਰਵਰੀ ਤੋਂ 13 ਫ਼ਰਵਰੀ ਤੱਕ ਖੋਲ੍ਹ ਦਿੱਤਾ ਗਿਆ, ਅਧਿਆਪਕ ਅਪਲਾਈ ਕਰ ਸਕਦੇ ਹਨ। ਹਾਲਾਂਕਿ ਉਨ੍ਹਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਬਦਲੀਆਂ ਲਈ ਅਧਿਆਪਕ ਅਪਲਾਈ ਤਾਂ ਕਰ ਸਕਦੇ ਹਨ ਪਰ ਬਦਲੀਆਂ 10 ਅਪ੍ਰੈਲ 2021 ਜਾਂ ਨਵੇਂ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਹੀ ਲਾਗੂ ਹੋਣਗੀਆਂ।