ਬਲਬੀਰ ਸਿੰਘ ਸੀਨੀਅਰ ਦੀ ਮੌਤ 'ਤੇ ਓਲੰਪੀਅਨ ਚੰਦ ਸਿੰਘ ਨੇ ਪ੍ਰਗਟਾਇਆ ਦੁੱਖ - ਫ਼ਾਨੀ ਸੰਸਾਰ ਨੂੰ 96ਵੇਂ ਸਾਲ ਦੀ ਉਮਰ
ਫ਼ਰੀਦਕੋਟ: ਭਾਰਤੀ ਹਾਕੀ ਦੇ ਲੈਜੇਂਡ ਖਿਡਾਰੀ ਬਲਬੀਰ ਸਿੰਘ ਸੀਨੀਅਰ ਇਸ ਫ਼ਾਨੀ ਸੰਸਾਰ ਨੂੰ 96ਵੇਂ ਸਾਲ ਦੀ ਉਮਰ ਵਿੱਚ ਅਲਵਿਦਾ ਆਖ ਗਏ ਹਨ। 2 ਹਫ਼ਤਿਆਂ ਤੋਂ ਵੱਧ ਸਮੇਂ ਦੀ ਵਿਗੜਦੀ ਸਿਹਤ ਨਾਲ ਲੜਦਿਆਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਸੋਮਵਾਰ ਸਵੇਰੇ ਉਨ੍ਹਾਂ ਆਖਰੀ ਸਾਹ ਲਏ। ਬਲਬੀਰ ਸਿੰਘ ਸੀਨੀਅਰ ਦੇ ਦਿਹਾਂਤ 'ਤੇ ਜਿੱਥੇ ਵੱਖ ਵੱਖ ਸਿਆਸੀ ਆਗੂਆਂ ਵੱਲੋਂ ਉਨ੍ਹਾਂ ਦੀ ਮੌਤ ਨੂੰ ਭਾਰਤੀ ਹਾਕੀ ਲਈ ਵੱਡਾ ਅਤੇ ਨਾ ਪੂਰਾ ਹੋਣ ਯੋਗ ਘਾਟਾ ਦੱਸਿਆ ਗਿਆ, ਉੱਥੇ ਹੀ 1976 ਦੇ ਵਿੱਚ ਭਾਰਤੀ ਹਾਕੀ ਟੀਮ ਵਿੱਚ ਓਲੰਪਿਕ ਖੇਡਣ ਵਾਲੇ ਫ਼ਰੀਦਕੋਟ ਦੇ ਹਾਕੀ ਖਿਡਾਰੀ ਓਲੰਪੀਅਨ ਚੰਦ ਸਿੰਘ ਨੇ ਗਹਿਰਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਬਲਬੀਰ ਸਿੰਘ ਸੀਨੀਅਰ ਦੀ ਮੌਤ ਨੂੰ ਭਾਰਤੀ ਖੇਡ ਜਗਤ ਅਤੇ ਖ਼ਾਸ ਕਰਕੇ ਪੰਜਾਬ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਉਨ੍ਹਾਂ ਦੱਸਿਆ ਕਿ ਬਲਬੀਰ ਸਿੰਘ ਸੀਨੀਅਰ ਨਵੇਂ ਖਿਡਾਰੀਆਂ ਦੇ ਲਈ ਮਾਰਗ ਦਰਸ਼ਕ ਸਨ ਅਤੇ ਨਵੇਂ ਖਿਡਾਰੀਆਂ ਦਾ ਸਹਿਯੋਗ ਕਰਨ ਵਾਲੇ ਸਨ। ਉਨ੍ਹਾਂ ਕਿਹਾ ਕਿ ਅੱਜ ਭਾਰਤੀ ਹਾਕੀ ਦੇ ਸੁਨਹਿਰੀ ਯੁੱਗ ਦਾ ਅੰਤ ਹੋਇਆ। ਇਸ ਦੇ ਨਾਲ ਹੀ ਬਾਬਾ ਫ਼ਰੀਦ ਹਾਕੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਤੇਜਿੰਦਰ ਸਿੰਘ ਮੌੜ ਨੇ ਵੀ ਬਲਬੀਰ ਸਿੰਘ ਸੀਨੀਅਰ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਬਲਬੀਰ ਸਿੰਘ ਸੀਨੀਅਰ ਦੇ ਜੀਵਨ ਤੋਂ ਸਬਕ ਲੈਣ ਦੀ ਗੱਲ ਕਹੀ।