NRI ਸਭਾ ਚੋਣਾਂ: ਕਿਰਪਾਲ ਸਿੰਘ ਸਹੋਤਾ ਨੂੰ ਮਿਲੀ ਵੱਡੀ ਜਿੱਤ - ਐਨਆਰਆਈ ਸਭਾ ਚੋਣਾਂ
ਐਨਆਰਆਈ ਸਭਾ ਪੰਜਾਬ ਲਈ 5 ਸਾਲ ਬਾਅਦ ਜਲੰਧਰ ਵਿਖੇ ਚੋਣ ਪ੍ਰਕਿਰਿਆ ਹੋਈ ਹੈ। ਪੰਜ ਸਾਲਾਂ ਬਾਅਦ ਹੋਇਆਂ ਇਹ ਚੋਣਾਂ ਇਤਿਹਾਸ ਰੱਚ ਗਈਆਂ। ਚੋਣਾਂ ਦੌਰਾਨ 1.5 ਫੀਸਦੀ ਵੋਟਿੰਗ ਹੋਈ 'ਤੇ ਵੋਟਾਂ ਘੱਟ ਪੈਂਣ ਦਾ ਮੁੱਖ ਕਾਰਨ ਕੋਰੋਨਾ ਵਾਇਰਸ ਦਾ ਡਰ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਐਨਆਰਆਈ ਸਭਾ ਦੇ ਕਰੀਬ 23 ਹਜ਼ਾਰ ਮੈਂਬਰ ਹਨ, ਪਰ ਚੋਣਾਂ ਦੌਰਾਨ ਮਹਿਜ 363 ਵੋਟਾਂ ਹੀ ਪਈਆਂ ਸਨ ਜੋ ਕਿ 1.5 ਫੀਸਦੀ ਬਣਦੀਆਂ ਹਨ। ਅਧਿਕਾਰੀਆਂ ਮੁਤਾਬਕ ਜ਼ਿਆਦਾਤਰ ਲੋਕ ਕੋਰੋਨਾ ਵਾਇਰਸ ਦੇ ਡਰ ਨਾਲ ਵੋਟਾਂ ਪਾਉਣ ਨਹੀਂ ਆਏ। ਐਨਆਰਆਈ ਸਭਾ ਦੇ ਹਰ ਦੋ ਸਾਲ ਬਾਅਦ ਚੋਣਾਂ ਹੋਣੀਆਂ ਜ਼ਰੂਰੀ ਹਨ ਪਰ ਪੰਜਾਬ ਸਰਕਾਰ ਨੇ ਪਿਛਲੇ ਪੰਜ ਸਾਲ ਤੋਂ ਚੋਣਾਂ ਨਹੀਂ ਕਰਵਾਇਆ ਸਨ। ਵੋਟਿੰਗ ਦੇ ਦੌਰਾਨ ਸਾਬਕਾ ਪ੍ਰਧਾਨ ਜਸਬੀਰ ਸਿੰਘ ਸ਼ੇਰਗਿੱਲ ਨੂੰ ਮਹਿਜ 100 ਵੋਟਾਂ ਪਈਆਂ ਤੇ ਕਿਰਪਾਲ ਸਿੰਘ ਸਹੋਤਾ ਨੂੰ 260 ਵੋਟਾਂ ਪਈਆਂ ਜਿਨ੍ਹਾਂ ਚੋਂ ਦੋ ਵੋਟਾਂ ਨੂੰ ਰੱਦ ਕਰ ਦਿੱਤਾ ਗਿਆ। ਜੇਤੂ ਉਮੀਦਵਾਰ ਕਿਰਪਾਲ ਸਿੰਘ ਸਹੋਤਾ ਨੇ ਘੱਟ ਵੋਟਾਂ ਪੈਣ ਦਾ ਮੁੱਖ ਕਾਰਨ ਲੋਕਾਂ 'ਚ ਕੋਰੋਨਾ ਵਾਇਰਸ ਦਾ ਡਰ ਹੋਣਾ ਦੱਸਿਆ ਹੈ।