ਗੁਰੂ ਘਰ ਜਾਣ ਵਾਲਾ ਮਹਿਜ਼ 6 ਘੰਟਿਆ 'ਚ ਨਹੀਂ ਬਣ ਸਕਦਾ ਅੱਤਵਾਦੀ: ਭਗਵੰਤ ਮਾਨ - ਡੀਜੀਪੀ ਦਿਨਕਰ ਗੁਪਤਾ
ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਧਰਨਾ ਲਾਇਆ ਗਿਆ। ਇਸ ਦੌਰਾਨ ਪੰਜਾਬ ਤੋਂ ਸਾਂਸਦ ਤੇ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਤੇ ਵਿਰੋਧੀ ਧਿਰ ਆਗੂ ਹਰਪਾਲ ਚੀਮਾ ਤੇ ਹੋਰ ਕਈ ਲੋਕ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੰਜਾਬ 'ਚ ਹਰ ਵਰਗ ਦੇ ਲੋਕ ਪਰੇਸ਼ਾਨ ਹਨ ,ਪਰ ਸੂਬਾ ਸਰਕਾਰ ਉਨ੍ਹਾਂ ਦੀਆਂ ਮੰਗਾਂ ਉੱਤੇ ਕੋਈ ਧਿਆਨ ਨਹੀਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀ ਚੌਕੀਦਾਰੀ ਵਾਲੀ ਡਿਊਟੀ ਨਿਭਾਉਂਦੇ ਹੋਏ ਅਸੀਂ ਧਰਨੇ ਪ੍ਰਦਰਸ਼ਨ ਕਰਕੇ ਪੰਜਾਬ ਦੀ ਸੁੱਤੀ ਪਈ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸੂਬੇ 'ਚ ਬੇਰੁਜ਼ਗਾਰੀ ਤੇ ਮਹਿੰਗਾਈ ਬਹੁਤ ਵੱਧ ਗਈ ਹੈ। ਦੱਸਣਯੋਗ ਹੈ ਕਿ ਬਜਟ ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਗਈ ਸੀ। ਡੀਜੀਪੀ ਦਿਨਕਰ ਗੁਪਤਾ ਦੇ ਬਿਆਨ ਉੱਤੇ ਉਨ੍ਹਾਂ ਬੋਲਦਿਆਂ ਕਿਹਾ ਕਿ ਕਰਤਾਰਪੁਰ ਸਾਹਿਬ ਜੇਕਰ ਮੈਂ ਵੀ ਗਿਆ ਸੀ, ਤਾਂ ਪੂਰੀ ਕੈਬਿਨੇਟ ਵੀ ਗਈ ਸੀ ਤੇ ਸਾਡੇ ਉੱਤੇ ਵੀ ਪਰਚਾ ਦਰਜ ਕਰੋ। ਉਨ੍ਹਾਂ ਕਿਹਾ ਕਿ ਗੁਰੂ ਘਰ ਜਾਣ ਵਾਲਾ ਕੋਈ ਵੀ ਮਹਿਜ਼ 6 ਘੰਟਿਆਂ 'ਚ ਅੱਤਵਾਦੀ ਨਹੀਂ ਬਣ ਕੇ ਆ ਸਕਦਾ। ਸਾਡੇ ਦੁਸ਼ਮਨ ਸਾਡੇ ਘਰਾਂ 'ਚ ਹੀ ਬੈਠੇ ਹਨ।