ਇੱਕ ਵਾਰ ਫਿਰ ਤੋਂ ਨਵਜੋਤ ਸਿੱਧੂ ਨੇ ਰਾਜਨੀਤੀ ਛੱਡਣ ਬਾਰੇ ਦਿੱਤਾ ਵੱਡਾ ਬਿਆਨ
ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections) ਨੂੰ ਦੇਖਦੇ ਹੋਏ, ਜਿੱਥੇ ਰਾਜਨੀਤਕ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾ ਰਹੇ ਹਨ, ਉਥੇ ਹੀ ਉਮੀਦਵਾਰਾਂ ਵਲੋਂ ਹੁਣ ਆਪਣੇ ਦਫ਼ਤਰਾਂ ਦਾ ਉਦਘਾਟਨ ਵੀ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦੇ ਵਿਧਾਨਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਮੁੱਖ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਵਾਅਦਾ ਕੀਤਾ ਕਿ ਪੰਜਾਬ ਵਿੱਚ ਹਰ ਇੱਕ ਦਾ ਪੰਜ ਲੱਖ ਤੱਕ ਦਾ ਬੀਮਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 20 ਲੱਖ ਦਾ ਮੁਫ਼ਤ ਇਲਾਜ ਵੀ ਕੀਤਾ ਜਾਵੇਗਾ। ਆਪਣੇ ਐਲਾਨਾਂ ਨੂੰ ਲੈਕੇ ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਜੇ ਅਜਿਹਾ ਨਾ ਹੋਇਆ ਤਾਂ ਉਹ ਹਮੇਸ਼ਾ ਲਈ ਰਾਜਨੀਤੀ ਛੱਡ ਦੇਣਗੇ। ਇਸ ਦੌਰਾਨ ਨਵਜੋਤ ਸਿੱਧੂ, ਕੈਪਟਨ ਅਮਰਿੰਦਰ ਸਿੰਘ ਉੱਤੇ ਤੰਜ਼ ਕੱਸਦੇ ਨਜ਼ਰ ਆਏ।