ਆਪਣੀਆਂ ਮੰਗਾਂ ਨੂੰ ਲੈ ਨਗਰ ਨਿਗਮ ਦੇ ਕਰਮਚਾਰੀਆਂ ਦਾ ਵਿਰੋਧ ਪ੍ਰਦਰਸ਼ਨ - ਜਲੰਧਰ ਨਗਰ ਨਿਗਮ
ਜਲੰਧਰ: ਨਗਰ ਨਿਗਮ ਦੇ ਡਰਾਈਵਰ ਅਤੇ ਹੋਰ ਮੁਲਾਜ਼ਮਾਂ ਨੇ ਨਿਗਮ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਦੇ ਚੱਲਦੇ ਸੜਕਾਂ ਅਤੇ ਡੰਪਾਂ ਦਾ ਕੂੜਾ ਨਹੀਂ ਚੁੱਕਿਆ ਜਾ ਰਿਹਾ। ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਪਵਨ ਬਾਬਾ ਨੇ ਕਿਹਾ ਕਿ ਉਨ੍ਹਾਂ ਦੀ ਕਈ ਮੰਗਾਂ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ। ਜਿਨ੍ਹਾਂ 'ਤੇ ਪ੍ਰਸ਼ਾਸਨ ਅਤੇ ਸਰਕਾਰ ਕੋਈ ਧਿਆਨ ਨਹੀਂ ਦੇ ਰਿਹਾ ਜਿਸ ਕਾਰਨ ਮੁਲਾਜ਼ਮ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉੱਥੇ ਹੀ ਡਰਾਈਵਰ ਯੂਨੀਅਨ ਦੇ ਪ੍ਰਧਾਨ ਮੁਨੀਸ਼ ਨੇ ਕਿਹਾ ਕਿ ਮੰਗਾਂ ਵਿੱਚ ਜ਼ੋਨਲ ਸਿਸਟਮ ਲਾਗੂ ਕੀਤਾ ਜਾਵੇ, ਗੱਡੀਆਂ ਦੀ ਸਮੇਂ ਸਿਰ ਮੁਰੰਮਤ ਕਰਵਾਉਣ, ਡਰਾਈਵਰਾਂ ਨੂੰ ਉਨ੍ਹਾਂ ਦੇ ਹਰ ਇੱਕ ਜ਼ਰੂਰਤ ਦੀ ਚੀਜ਼ ਮੁਹੱਈਆ ਕਰਵਾਉਣ ਅਤੇ ਜਿਨ੍ਹਾਂ ਅਸਥਾਈ ਮੁਲਾਜ਼ਮਾਂ ਨੂੰ ਕੱਢਿਆ ਜਾ ਰਿਹਾ ਹੈ ਉਨ੍ਹਾਂ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਪ੍ਰਦਰਸ਼ਨ ਦੌਰਾਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ। ਡਰਾਈਵਰਾਂ ਨੇ ਕਿਹਾ ਕਿ ਅਫ਼ਸਰਾਂ ਵੱਲੋਂ ਸਮੇਂ-ਸਮੇਂ 'ਤੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਜੋ ਕਿ ਗ਼ਲਤ ਹੈ। ਜੇਕਰ ਜਲਦ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਆਪਣੇ ਪ੍ਰਦਰਸ਼ਨ ਨੂੰ ਹੋਰ ਤਿੱਖਾ ਕਰਨਗੇ।