ਮੋਗਾ ਪੁਲਿਸ ਨੇ 200 ਗ੍ਰਾਮ ਅਫੀਮ ਸਣੇ ਨਸ਼ਾ ਤਸਕਰ ਨੂੰ ਕੀਤਾ ਗ੍ਰਿਫ਼ਤਾਰ
ਮੋਗਾ: ਪੰਜਾਬ ਸਰਕਾਰ ਵੱਲੋਂ ਨਸ਼ਾ ਤੇ ਨਸ਼ਾ ਤਸਕਰੀ ਉੱਤੇ ਠੱਲ੍ਹ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਕੜੀ 'ਚ ਮੋਗਾ ਪੁਲਿਸ ਨੇ ਇੱਕ ਵਿਅਕਤੀ ਨੂੰ ਨਸ਼ਾ ਤਸਕਰੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੀਤ ਵਾਲ ਫਾਟਕ 'ਤੇ ਨਸ਼ਾ ਵੇਚਣ ਆਏ ਤਸਕਰ ਬਾਰੇ ਗੁਪਤ ਸੂਚਨਾ ਮਿਲੀ ਸੀ। ਪੁਲਿਸ ਨੇ ਮੌਕੇ 'ਤੇ ਰੇਡ ਕੀਤੀ। ਪੁਲਿਸ ਨੂੰ ਵੇਖ ਮੁਲਜ਼ਮ ਨੇ ਆਪਣੀ ਜੇਬ ਵਿੱਚੋਂ ਨਸ਼ੇ ਦਾ ਲਿਫਾਫਾ ਕੱਢ ਕੇ ਸੁੱਟ ਦਿੱਤਾ 'ਤੇ ਉਥੋਂ ਭੱਜਣ ਲੱਗਾ ਪਰ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਕੋਲੋਂ 200 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਉਕਤ ਮੁਲਜ਼ਮ ਉੱਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ ਤੇ ਉਹ ਅਫੀਮ ਵੇਚਦਾ ਹੈ।