ਮੋਗਾ ਮੈਡੀਸਿਟੀ ਹਸਪਤਾਲ ਵੱਲੋਂ ਕਿਸਾਨਾਂ ਦੇ ਮੁਫ਼ਤ ਇਲਾਜ ਦਾ ਐਲਾਨ
ਮੋਗਾ: ਸ਼ਹਿਰ ਵਿੱਚ ਬੰਦ ਦੌਰਾਨ ਕਿਸਾਨਾਂ ਦੇ ਇਕੱਠ ਵਿੱਚ ਮੰਗਲਵਾਰ ਮੋਗਾ ਮੈਡੀਸਿਟੀ ਹਸਪਤਾਲ ਦੇ ਮਾਲਕ ਅਤੇ ਸਮਾਜਸੇਵੀ ਡਾ. ਅਜਮੇਰ ਕਾਲੜਾ ਨੇ ਐਲਾਨ ਕੀਤਾ ਹੈ ਕਿ ਹਸਪਤਾਲ ਵੱਲੋਂ ਦੋ ਸਾਲਾਂ ਲਈ ਕਿਸਾਨਾਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ। ਭਾਵੇਂ ਇਸ ਉਪਰ ਕਿੰਨਾ ਵੀ ਖ਼ਰਚਾ ਕਿਉਂ ਨਾ ਆਵੇ। ਇਸਤੋਂ ਪਹਿਲਾਂ ਵੀ ਉਹ ਐਬੂਲੈਂਸ ਰਾਹੀਂ ਦਵਾਈਆਂ ਮੁਹਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬੀ ਇਸ ਸੰਘਰਸ਼ ਵਿੱਚ ਸਾਥ ਦੇਣ ਕਿਉਂਕਿ ਇਹ ਇਕੱਲੇ ਕਿਸਾਨਾਂ ਦਾ ਨਹੀਂ ਸਾਰਿਆਂ ਦਾ ਹੈ। ਉਨ੍ਹਾਂ ਦਿੱਲੀ ਵਿਖੇ ਸੰਘਰਸ਼ ਦੌਰਾਨ ਮੋਗਾ ਜ਼ਿਲ੍ਹੇ ਦੇ ਮ੍ਰਿਤਕ ਕਿਸਾਨ ਜਰਨੈਲ ਸਿੰਘ ਦੇ ਪਰਿਵਾਰ ਨੂੰ ਭੋਗ ਸਮਾਗਮ ਦੌਰਾਨ ਪੰਜਾਹ ਹਜ਼ਾਰ ਰੁਪਏ ਨਗਦ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ।