ਲੌਕਡਾਊਨ ਤੋਂ ਬਾਅਦ ਪ੍ਰਵਾਸੀ ਮਜ਼ਦੂਰਾਂ ਨੂੰ ਨਹੀਂ ਮਿਲ ਰਿਹਾ ਰਾਸ਼ਨ
ਕਪੂਰਥਲਾ: ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਸਮੁੱਚੇ ਦੇਸ਼ ਨੂੰ 14 ਅਪ੍ਰੈਲ ਤੱਕ ਲੌਕਡਾਊਨ ਕਰ ਦਿੱਤਾ ਹੈ। ਲੌਕਡਾਊਨ ਹੋਣ ਨਾਲ ਸਭ ਤੋਂ ਵੱਧ ਪਰੇਸ਼ਾਨੀ ਦਿਹਾੜੀਦਾਰਾਂ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਹੋ ਰਹੀ ਹੈ। ਅਜਿਹੀ ਹੀ ਇੱਕ ਖ਼ਬਰ ਸੁਲਤਾਨਪੁਰ ਲੋਧੀ ਦੇ ਪਿੰਡ ਅਦਾਲਤ ਚੱਕ ਤੋਂ ਸਾਹਮਣੇ ਆਈ ਹੈ। ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਲੌਕਡਾਊਨ ਨੂੰ ਕੀਤੇ ਕਈ ਦਿਨ ਹੋ ਗਏ ਹਨ ਪਰ ਕਿਸੇ ਵੀ ਸਮਾਜ ਸੇਵੀ ਸੰਸਥਾ ਜਾਂ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਵੱਲੋਂ ਉਨ੍ਹਾਂ ਨੂੰ ਰਾਸ਼ਨ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜਾਂ ਤਾਂ ਉਨ੍ਹਾਂ ਨੂੰ ਬਿਹਾਰ ਵਾਪਿਸ ਭੇਜਿਆ ਜਾਵੇ ਜਾਂ ਉਨ੍ਹਾਂ ਨੂੰ ਗੁਜ਼ਾਰਾ ਕਰਨ ਲਈ ਰਾਸ਼ਨ ਦਿੱਤਾ ਜਾਵੇ।