ਭਾਰਤ ਬੰਦ ਨੂੰ ਲੈ ਕੇ ਬਠਿੰਡਾ 'ਚ ਡਾਕਟਰੀ ਸੇਵਾਵਾਂ ਰਹੀਆਂ ਬੰਦ, ਕੇਂਦਰ ਸਰਕਾਰ ਦੇ ਫੂਕੇ ਪੁਤਲੇ - medical services in bathinda remain closed due to bharat band
ਬਠਿੰਡਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਰਤ ਬੰਦ ਨੂੰ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਭਰਵਾਂ ਸਮਰਥਨ ਦਿੱਤਾ। ਪੂਰਾ ਦਿਨ ਸ਼ਹਿਰ ਵਿੱਚ ਧਰਨੇ-ਮੁਜ਼ਾਹਰੇ ਹੁੰਦੇ ਰਹੇ ਅਤੇ ਸੜਕਾਂ ਜਾਮ ਰਹੀਆਂ। ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੀਸੀਐਮਐਸ ਐਸੋਸੀਏਸ਼ਨ ਨੇ ਜਿਥੇ ਡਾਕਟਰੀ ਸੇਵਾਵਾਂ ਬੰਦ ਰੱਖੀਆਂ, ਉਥੇ ਸਮਾਜ ਸੇਵੀ ਸੰਸਥਾ ਨੇ ਲਿਬਰਟੀ ਚੌਕ ਵਿੱਚ ਧਰਨਾ ਦੇ ਕੇ ਕੇਂਦਰ ਦਾ ਪੁਤਲਾ ਸਾੜਿਆ। ਬਠਿੰਡਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਰੁਣ ਵਧਾਵਨ ਨੇ ਕਿਹਾ ਕਿ ਮੋਦੀ ਸਰਕਾਰ ਹਿਟਲਰਸ਼ਾਹੀ ਨੀਤੀ 'ਤੇ ਉਤਰ ਆਈ ਹੈ। ਟੀਚਰਜ਼ ਹੋਮ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਹਨੀ ਦੀ ਅਗਵਾਈ ਹੇਠ ਫ਼ੌਜੀ ਚੌਕ ਵਿਚੋਂ ਰੋਸ ਮਾਰਚ ਵੀ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਇਹ ਕਾਲੇ ਕਾਨੂੰਨ ਮੋਦੀ ਨੂੰ ਵਾਪਸ ਕਰਵਾ ਕੇ ਹੀ ਰਹਿਣਗੇ।