ਦੁਬਈ ਗਏ ਵਿਅਕਤੀ ਦੀ 2 ਦਿਨ ਬਾਅਦ ਹੀ ਮੌਤ, ਪੰਜਾਬ ਪੁੱਜੀ ਦੇਹ - amritsar news
ਰੋਜ਼ੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਦੇ ਸੁਪਨੇ ਲੈ ਕੇ ਦੁਬਈ ਗਏ 44 ਸਾਲਾ ਪ੍ਰਤਾਪ ਸਿੰਘ ਦੀ ਮ੍ਰਿਤਕ ਦੇਹ ਵੀਰਵਾਰ ਨੂੰ ਇੱਕ ਟਰੱਸਟ ਵੱਲੋਂ ਕੀਤੇ ਯਤਨਾਂ ਨਾਲ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁਜੀ। ਕਸਬਾ ਮਹਿਤਾ ਨੇੜਲੇ ਪਿੰਡ ਮਲਕਨੰਗਲ ਨਾਲ ਸੰਬੰਧਿਤ ਮ੍ਰਿਤਕ ਪ੍ਰਤਾਪ ਸਿੰਘ ਬੀਤੀ 27 ਸਤੰਬਰ ਨੂੰ ਹੀ ਪਹਿਲੀ ਵਾਰ ਦੁਬਈ ਗਿਆ ਸੀ। ਦੁਬਈ ਪੁੱਜਣ ਤੋਂ ਅਗਲੇ ਹੀ ਦਿਨ 28 ਸਤੰਬਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਪ੍ਰਤਾਪ ਸਿੰਘ ਦੇ ਦੁਬਈ 'ਚ ਰਹਿੰਦੇ ਚਚੇਰੇ ਭਰਾ ਤੇ ਹੋਰਨਾਂ ਸਾਥੀਆਂ ਨੇ ਉਸ ਦੇ ਪਰਿਵਾਰ ਦੀ ਆਰਥਿਕ ਹਾਲਤ ਤੇ ਬੇਵਸੀ ਦਾ ਹਵਾਲਾ ਦਿੰਦਿਆਂ ਉਸ ਦੀ ਮ੍ਰਿਤਕ ਦੇਹ ਭਾਰਤ ਭੇਜਣ ਦੀ ਅਰਜੋਈ ਕੀਤੀ, ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਟਰੱਸਟ ਤੇ ਉਨ੍ਹਾਂ ਦੀ ਟੀਮ ਨੇ ਦੁਬਈ ਅੰਦਰ ਸਾਰੀ ਜ਼ਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਮ੍ਰਿਤਕ ਦੇਹ ਨੂੰ ਵਤਨ ਭੇਜਿਆ।