ਡੀਸੀ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦਾ ਧਰਨਾ
ਜਲੰਧਰ: ਪੰਜਾਬ ਦੇ ਤਕਰੀਬਨ ਹਰ ਜ਼ਿਲ੍ਹਿਆਂ ਤੇ ਸ਼ਹਿਰਾਂ ਵਿੱਚ ਅਵਾਰਾ ਪਸ਼ੂ, ਦੁਰਘਟਨਾਵਾਂ ਹੋਣ ਦਾ ਮੁੱਖ ਕਾਰਨ ਬਣ ਜਾਂਦੇ ਹਨ, ਜਿਨ੍ਹਾਂ ਵਿੱਚ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਸ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਨੇਤਾਵਾਂ ਤੇ ਵਰਕਰਾਂ ਨੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਉਹ ਵਾਰ ਵਾਰ ਅਵਾਰਾ ਪਸ਼ੂਆਂ ਨਾਲ ਹੋਣ ਵਾਲੀਆਂ ਇਨ੍ਹਾਂ ਦੁਰਘਟਨਾਵਾਂ ਬਾਰੇ ਜਲੰਧਰ ਦੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੂੰ ਜਾਣੂ ਕਰਵਾ ਚੁੱਕੇ ਹਨ ਅਤੇ ਉਨ੍ਹਾਂ ਇਸ ਮਾਮਲੇ ਵਿੱਚ ਸਖ਼ਤ ਕਦਮ ਚੁੱਕਣ ਦੀ ਵੀ ਤਾਕੀਦ ਗਈ ਪਰ ਅੱਜ ਵੀ ਅਵਾਰਾ ਪਸ਼ੂਆਂ ਕਰਕੇ ਲੋਕਾਂ ਦੀ ਜਾਨ 'ਤੇ ਬਣੀ ਹੋਈ ਹੈ। ਲੋਕਾਂ ਨੇ ਜਲੰਧਰ ਦੇ ਡੀਸੀ 'ਤੇ ਦੋਸ਼ ਲਗਾਇਆ ਕਿ ਉਹ ਇਸ ਮਾਮਲੇ ਵਿੱਚ ਕੋਈ ਕਦਮ ਨਹੀਂ ਉਠਾ ਰਹੇ ਅਤੇ ਇਸੇ ਕਰਕੇ ਉਹ ਹੁਣ ਜਲੰਧਰ ਦੇ ਡੀਸੀ ਵਿਰੁੱਧ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕਰਨ ਲਈ ਪਹੁੰਚੇ ਹਨ। ਉੱਧਰ ਇਸ ਬਾਰੇ ਜਦ ਜਲੰਧਰ ਦੇ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਡੀਸੀ ਵਿਰੁੱਧ ਸ਼ਿਕਾਇਤ ਬਾਰੇ ਕੁਝ ਵੀ ਬੋਲਣ ਤੋਂ ਕਤਰਾਉਂਦੇ ਹੋਏ ਨਜ਼ਰ ਆਏ।