ਪੰਜਾਬ 'ਚ ਟਿੱਡੀ ਦਲ ਨੂੰ ਲੈ ਕੇ ਅਰਲਟ 'ਤੇ ਪ੍ਰਸਾਸ਼ਨ, ਖੇਤੀਬਾੜੀ ਵਿਭਾਗ ਚੁੱਕ ਰਿਹਾ ਕਈ ਕਦਮ
ਖੰਨਾ: ਪੰਜਾਬ ਵਿੱਚ ਟਿੱਡੀ ਦਲ ਦੇ ਸੰਭਾਵਿਤ ਹਮਲੇ ਦੇ ਮੱਦੇਨਜ਼ਰ ਐਸਡੀਐਮ ਮਨਕੰਵਲ ਸਿੰਘ ਚਾਹਲ ਦੀ ਅਗਵਾਈ ਹੇਠ ਮੌਕ ਡਰਿੱਲ ਕੀਤੀ ਗਈ। ਇਸ ਮੌਕ ਡਰਿੱਲ ਤੋਂ ਪਹਿਲਾਂ ਸਮੂਹ ਵਿਭਾਗਾਂ ਨੂੰ ਟਿੱਡੀ ਦਲ ਦੇ ਅਚਾਨਕ ਹਮਲੇ ਦੀ ਸੂਰਤ ਵਿੱਚ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਵੀ ਦੱਸਿਆ ਗਿਆ। ਦੱਸਣਯੋਗ ਹੈ ਕਿ ਟਿੱਡੀ ਦਲ ਦਾ ਹਮਲਾ ਭਾਰਤ ਦੇ ਕਈ ਹੋਰਨਾਂ ਸੂਬਿਆਂ 'ਚ ਵੀ ਹੋਇਆ ਜਿਸ ਨਾਲ ਫਸਲਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਪੰਜਾਬ 'ਚ ਵੀ ਟਿੱਡੀ ਦਲ ਦੇ ਆਉਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ ਜਿਸ ਕਾਰਨ ਇਸ ਸੰਬੰਧੀ ਲੋਕਾਂ ਅਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਟਿੱਡੀ ਦਲ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ ਇਸ ਲਈ ਕਿਸਾਨਾਂ ਨੂੰ ਇਸ ਤੋਂ ਬਚਾਅ ਲਈ ਅਤੇ ਟਿੱਡੀ ਦਲ ਦਾ ਸਾਹਮਣਾ ਕਰਨ ਲਈ ਉਨ੍ਹਾਂ ਤਕਨੀਕਾਂ ਅਤੇ ਉਪਾਅ ਸਬੰਧੀ ਜਾਗਰੂਕ ਕਰਨ ਚਾਹੀਦਾ ਹੈ। ਖੇਤੀਬਾੜੀ ਅਧਿਕਾਰੀ ਦਿਲਬਾਗ ਸਿੰਘ ਨੇ ਦੱਸਿਆ ਕਿ ਟਿੱਡੀ ਦਲ ਤੋਂ ਨਜਿੱਠਣ ਲਈ ਉਨ੍ਹਾਂ ਦੇ ਵਿਭਾਗ ਵੱਲੋਂ ਕਈ ਟੀਮਾਂ ਬਣਾਈਆਂ ਗਈਆਂ ਹਨ ਜੋ ਕਿਸਾਨਾਂ ਨੂੰ ਪਿੰਡ ਪਿੰਡ ਜਾ ਕੇ ਜਾਗਰੂਕ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਫਸਲਾਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਸਪਰੇਅ ਦਾ ਸਹਾਰਾ ਵੀ ਲਿਆ ਜਾ ਰਿਹਾ ਹੈ।