9ਵੇਂ ਪਾਤਸ਼ਾਹ ਦੇ 400 ਸਾਲਾਂ ਪ੍ਰਕਾਸ਼ ਦਿਹਾੜੇ 'ਤੇ ਗੁਰੂ ਘਰ ਦੇ ਨਾਲ ਵਿਰਾਸਤ-ਏ-ਖਾਲਸਾ ਨੂੰ ਲਾਈਟਾਂ ਨਾਲ ਸਜਾਇਆ
ਸ੍ਰੀ ਅਨੰਦਪੁਰ ਸਾਹਿਬ: ਹਿੰਦ ਦੀ ਚਾਦਰ ਨਾਂਅ ਨਾਲ ਜਾਣਦੇ ਜਾਂਦੇ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾਂ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਭਾਵ ਨਾਲ ਮਨਾਇਆ ਜਾਵੇਗਾ। ਕੋਰੋਨਾ ਲਾਗ ਕਰਕੇ ਸੂਬਾ ਸਰਕਾਰ ਅਤੇ ਐਸਜੀਪੀਸੀ ਇਸ ਪਾਵਨ ਦਿਹਾੜੇ ਨੂੰ ਅਥਾਹ ਸ਼ਰਧਾ ਭਾਵ ਅਤੇ ਸਾਦੇ ਢੰਗ ਨਾਲ ਮਨਾਵੇਗਾ। ਇਸ ਪਾਵਨ ਦਿਹਾੜੇ ਉੱਤੇ ਜਿਥੇ ਧਾਰਮਿਕ ਸਮਾਗਮ ਹੋ ਰਹੇ ਹਨ। ਉਥੇ ਹੀ ਇਸ ਖ਼ਾਸ ਦਿਹਾੜੇ ਮੌਕੇ ਗੁਰੂ ਘਰਾਂ ਦੇ ਨਾਲ-ਨਾਲ ਵਿਰਾਸਤ-ਏ-ਖਾਲਸਾ ਨੂੰ ਖੂਬਸੂਰਤ ਲਾਈਟਾਂ ਨਾਲ ਸਜਾਇਆ ਹੈ। ਦੁਨੀਆ ਦਾ 8ਵਾਂ ਅਜੂਬਾ ਲਾਈਟਾਂ ਦੀ ਰੋਸ਼ਨੀ ਵਿੱਚ ਮਨਮੋਹਕ ਤੇ ਅਲੌਕਿਕ ਨਜ਼ਾਰਾ ਪੇਸ਼ ਕਰ ਰਿਹਾ ਹੈ। ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਬਣੇ 5 ਪਿਆਰਾ ਪਾਰਕ ਨੂੰ ਵੀ ਖੂਬਸੂਰਤ ਲਾਈਟਾਂ ਨਾਲ ਸਜਾਇਆ ਗਿਆ ਹੈ ਤੇ ਇਹ ਰੋਸ਼ਨੀਆਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਹੀਆਂ ਹਨ।