ਸ਼ਹੀਦ ਊਧਮ ਸਿੰਘ ਨਾਲ ਸਬੰਧਤ ਦਸਤਾਵੇਜ਼ ਮੰਗਵਾਉਣ ਲਈ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ - Black Museum
ਅੰਮ੍ਰਿਤਸਰ: ਸ਼ਹੀਦ ਊਧਮ ਸਿੰਘ ਨਾਲ ਸਬੰਧਿਤ ਕਈ ਦਸਤਾਵੇਜ਼ ਅਤੇ ਵਸਤੂਆਂ ਬ੍ਰਿਟਿਸ਼ ਲਾਇਬ੍ਰੇਰੀ ਨੈਸ਼ਨਲ ਆਰਕਾਇਵ ਲੰਡਨ, ਬਲੈਕ ਮਿਊਜ਼ੀਅਮ ਆਦਿ ਸਥਾਨਾਂ ’ਚ ਰੱਖੀਆਂ ਗਈਆਂ ਹਨ। ਇਨ੍ਹਾਂ ਨੂੰ ਭਾਰਤ ਲਿਆਉਣ ਲਈ ਸਮਾਜ ਸੇਵਕ ਕਪਿਲ ਅਗਰਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਅਤੇ ਸਬੰਧਿਤ ਵਿਭਾਗਾਂ ਨੂੰ ਇਹ ਦਸਤਾਵੇਜ਼ ਲਿਆਉਣ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ 31 ਜੁਲਾਈ 1940 ਨੂੰ ਫਾਂਸੀ ਚੜ੍ਹਾਏ ਜਾਣ ਉਪਰੰਤ ਅੰਗਰੇਜ਼ ਸਰਕਾਰ ਨੇ ਸ਼ਹੀਦ ਊਧਮ ਸਿੰਘ ਨਾਲ ਸਬੰਧਿਤ ਦਸਤਾਵੇਜ਼ਾਂ ਦੇ ਜਾਰੀ ਕਰਨ ’ਤੇ 100 ਸਾਲ ਲਈ ਪਾਬੰਦੀ ਲਗਾਈ ਸੀ। ਹੁਣ ਲੰਡਨ ਦੇ ‘ਦੀ ਨੈਸ਼ਨਲ ਆਰਕਾਇਵ ਮਿਊਜ਼ੀਅਮ’ ਨੇ ਉਨ੍ਹਾਂ ਕੋਲ ਮੌਜੂਦ ਫਾਈਲਾਂ ’ਚੋਂ ਸ਼ਹੀਦ ਦੀ ਫਾਂਸੀ ਬਾਰੇ ਚਾਰ ਫਾਈਲਾਂ ਨੂੰ ਜਾਰੀ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ’ਚ ਕਿਹਾ ਕਿ ਉਕਤ ਫਾਈਲਾਂ ਦੇ ਭਾਰਤ ਆਉਣ ਨਾਲ ਕਈ ਅਜਿਹੀਆਂ ਗੁਪਤ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ ਜਿਨ੍ਹਾਂ ਦਾ ਸ਼ਹੀਦ ਊਧਮ ਸਿੰਘ ਦੀ ਗ੍ਰਿਫ਼ਤਾਰੀ ਅਤੇ ਸ਼ਹਾਦਤ ਨਾਲ ਸਬੰਧਿਤ ਇਤਿਹਾਸ ਦੀਆਂ ਪੁਸਤਕਾਂ ’ਚ ਕੋਈ ਵੇਰਵਾ ਦਰਜ ਨਹੀਂ ਹੈ।