ਅੰਮ੍ਰਿਤਸਰ ਦੇ ਵੱਡੇ ਹਨੂਮਾਨ ਮੰਦਰ 'ਚ ਲੰਗੂਰ ਮੇਲੇ ਦੀ ਹੋਈ ਸ਼ੁਰੂਆਤ - ਲੰਗੂਰ ਮੇਲੇ ਦੀ ਹੋਈ ਸ਼ੁਰੂਆਤ
ਅੰਮ੍ਰਿਤਸਰ :ਸ਼ਹਿਰ 'ਚ ਵੱਡੇ ਹਨੂਮਾਨ ਮੰਦਰ ਵਿਖੇ ਅੱਜ ਨਰਾਤਰਿਆਂ ਦੇ ਪਹਿਲੇ ਦਿਨ ਤੋਂ ਲੰਗੂਰ ਮੇਲੇ ਦੀ ਸ਼ੁਰੂਆਤ ਹੋ ਗਈ ਹੈ।ਇਹ ਮੇਲਾ ਅੱਸੂ ਦੇ ਮਹੀਨੇ 'ਚ ਪੈਣ ਵਾਲੇ ਨਰਾਤਿਆਂ ਤੋਂ ਸ਼ੁਰੂ ਹੋ ਕੇ ਦੱਸ ਦਿਨ ਤੱਕ ਜਾਰੀ ਰਹਿੰਦਾ ਹੈ ਤੇ ਦੁਸਹਿਰੇ ਵਾਲੇ ਦਿਨ ਇਸ ਦੀ ਸਮਾਪਤੀ ਹੁੰਦੀ ਹੈ। ਇਸ ਮੇਲੇ 'ਚ ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਨੌਜਵਾਨ ਤੱਕ ਲੰਗੂਰ ਬਣ ਕੇ ਭਗਵਾਨ ਹਨੂਮਾਨ ਦੀ ਪੂਜਾ ਕਰਦੇ ਹਨ ਤੇ ਦੱਸ ਦਿਨਾਂ ਤੱਕ ਬ੍ਰਹਮਚਾਰਿਆ ਦਾ ਪਾਲਣ ਕਰਦੇ ਹਨ। ਇਥੋਂ ਦੇ ਪੁਜਾਰੀ ਨੇ ਦੱਸਿਆ ਕਿ ਹਰ ਸਾਲ ਵਾਂਗ ਕੋਰੋਨਾ ਦੇ ਬਾਵਜੂਦ ਵੱਡੀ ਗਿਣਤੀ 'ਚ ਸ਼ਰਧਾਲੂ ਮੇਲੇ 'ਚ ਪੁੱਜ ਰਹੇ ਹਨ। ਪੁਰਾਤਨ ਕਥਾਵਾਂ ਮੁਤਾਬਕ ਜਦ ਭਗਵਾਨ ਰਾਮ ਨੇ ਅਸ਼ਵਮੇਧ ਹਵਨ ਕੀਤਾ ਸੀ ਤਾਂ ਲਵ-ਕੁਸ਼ ਨੇ ਉਨ੍ਹਾਂ ਦੇ ਘੋੜੇ ਨੂੰ ਭਗਵਾਨ ਵਾਲਮੀਕੀ ਦੇ ਆਸ਼ਰਮ ਨੇੜੇ ਬੰਧਕ ਬਣਾ ਲਿਆ ਸੀ। ਜਦ ਭਗਵਾਨ ਹਨੂਮਾਨ ਘੋੜੇ ਨੂੰ ਛੁਡਾਉਣ ਲਈ ਉਥੇ ਪੁੱਜੇ ਤਾਂ ਲਵ-ਕੁਸ਼ ਨੇ ਉਨ੍ਹਾਂ ਨੂੰ ਇੱਕ ਬਰਗਦ ਦਰਖ਼ਤ ਨਾਲ ਬੰਨ ਦਿੱਤਾ ਸੀ। ਉਦੋਂ ਤੋਂ ਹੀ ਇਥੇ ਰਹੱਸਮਈ ਤਰੀਕੇ ਨਾਲ ਇਥੇ ਭਗਵਾਨ ਹਨੂਮਾਨ ਜੀ ਦੀ ਮੂਰਤੀ ਸਥਾਪਤ ਹੋ ਗਈ। ਉਸ ਸਮੇਂ ਤੋਂ ਹੁਣ ਤੱਕ ਇਹ ਥਾਂ ਸ਼ਰਧਾਲੂਆਂ ਲਈ ਆਸਥਾ ਦਾ ਕੇਂਦਰ ਹੈ।