Kisan Dharna: ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ - ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ
ਫਿਰੋਜ਼ਪੁਰ: ਜ਼ਿਲ੍ਹੇ ’ਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂਆ ਵੱਲੋਂ ਜ਼ਮੀਨਾਂ ’ਤੇ ਕਬਜਾ ਕਰਨ ਅਤੇ ਝੂਠੇ ਪਰਚਿਆਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਕਿਸਾਨ ਆਗੂ ਨੇ ਦੱਸਿਆ ਕਿ ਪਿਛਲੇ ਦਿਨੀਂ ਗੁਰੂਹਰਸਹਾਏ ਵਿੱਚ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਸ਼ਹਿ ’ਤੇ ਬਾਜੇਕੇ ਵਿੱਚ ਇੱਕ ਦੁਕਾਨ ਢਾਈ ਗਈ ਸੀ, ਉਸਦਾ ਇੰਨਸਾਫ਼ ਨਹੀਂ ਮਿਲਿਆ ਅਤੇ ਦੂਜਾ ਪਿੰਡ ਲੱਖਾਂ ਹਾਜੀ ਵਿੱਚ ਇੱਕ ਜਮੀਨ ’ਤੇ ਕਬਜਾ ਕੀਤਾ ਜਾ ਰਿਹਾ ਸੀ ਜੋ ਕਿਸਾਨਾਂ ਵੱਲੋਂ ਛੁਡਾਇਆ ਗਿਆ ਸੀ, ਜਿਸ ਕਾਰਨ ਉਨ੍ਹਾਂ ਦੇ ਸਾਥੀ ਜੇਲ੍ਹ ਚ ਬੰਦ ਹਨ, ਜਿਨ੍ਹਾਂ ਨੂੰ ਛੱਡਿਆ ਨਹੀਂ ਜਾ ਰਿਹਾ ਹੈ ਜਿਸ ਦੇ ਵਿਰੋਧ ਵੱਜੋਂ ਉਨ੍ਹਾਂ ਵੱਲੋਂ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੇ ਜੋ ਵਾਅਦਾ ਕੀਤਾ ਸੀ ਉਸਨੂੰ ਪੂਰਾ ਕੀਤਾ ਜਾਵੇ ਅਤੇ ਜੋ ਝੂਠੇ ਪਰਚੇ ਦਰਜ ਕੀਤੇ ਹਨ ਉਨ੍ਹਾਂ ਨੂੰ ਰੱਦ ਕੀਤੇ ਜਾਣ। ਨਾਲ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।