ਖੰਨਾ ਪੁਲਿਸ ਨੇ ਦੋਸ਼ੀ ਵਿਰੁੱਧ ਜਨਤਕ ਇਸ਼ਤਿਹਾਰ ਕੀਤਾ ਜਾਰੀ - ਥਾਣੇ ਤੋਂ ਮੁਲਜ਼ਮ ਫਰਾਰ
ਲੁਧਿਆਣਾ ਵਿਖੇ ਖੰਨਾ ਪੁਲਿਸ ਨੂੰ ਇੱਕ ਦੋਸ਼ੀ ਵਿਅਕਤੀ ਦੀ ਭਾਲ ਹੈ, ਜੋ ਪੁਲਿਸ ਨੂੰ ਚਕਮਾ ਦੇ ਕੇ ਥਾਣੇ ਵਿੱਚੋਂ ਫ਼ਰਾਰ ਹੋ ਗਿਆ ਹੈ। ਇਸ ਵਿਅਕਤੀ ਵਿਰੁੱਧ ਕਈ ਥਾਣਿਆਂ 'ਚ ਅਪਰਾਧਕ ਮਾਮਲੇ ਦਰਜ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਖੰਨਾ ਸਿਟੀ -1 ਦੇ ਐੱਸਐੱਚਓ ਕੁਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਖੰਨਾ ਪੁਲਿਸ ਨੂੰ ਦੋਸ਼ੀ ਵਿਅਕਤੀ ਨਰਿੰਦਰ ਸਿੰਘ, ਜਿਸ ਦੀ ਉਮਰ ਕਰੀਬ 40 ਸਾਲ ਹੈ, ਦੀ ਭਾਲ ਹੈ। ਇਹ ਵਿਅਕਤੀ ਥਾਣੇ 'ਚੋਂ ਪੁਲਿਸ ਮੁਲਾਜ਼ਮਾਂ ਨੂੰ ਬਾਥਰੂਮ ਜਾਣ ਦੇ ਬਹਾਨੇ ਚਕਮਾ ਦੇ ਕੇ ਫ਼ਰਾਰ ਹੋ ਗਿਆ ਹੈ। ਇਸ ਵਿਅਕਤੀ ਵਿਰੁੱਧ ਸ਼ਹਿਰ ਦੇ ਵੱਖ-ਵੱਖ ਥਾਣਿਆਂ 'ਚ ਕਈ ਮੁਕੱਦਮੇ ਦਰਜ ਹਨ। ਖੰਨਾ 'ਚ ਵੀ ਉਕਤ ਦੋਸ਼ੀ 'ਤੇ 420,406 ਦਾ ਮੁਕੱਦਮਾ ਦਰਜ ਹੈ। ਇਸ ਵਿਅਕਤੀ ਦੇ ਇਸ਼ਤਿਹਾਰ ਹਰ ਜਗ੍ਹਾ 'ਤੇ ਲਗਾ ਦਿੱਤੇ ਗਏ ਹਨ। ਉਨ੍ਹਾਂ ਆਖਿਆ ਕਿ ਇਸ ਵਿਅਕਤੀ ਦੀ ਸੂਚਨਾ ਦੇਣ ਵਾਲੇ ਦਾ ਨਾਂਅ ਤੇ ਪਤਾ ਗੁਪਤ ਰੱਖਿਆ ਜਾਵੇਗਾ। ਇਹ ਵਿਅਕਤੀ ਜੇਕਰ ਕਿਸੇ ਨੂੰ ਕਿਤੇ ਵੀ ਦਿਖੇ ਤਾਂ ਉਹ ਖੰਨਾ ਪੁਲੀਸ ਨੂੰ ਤੁਰੰਤ ਸੂਚਿਤ ਕਰੇ।