ਕੱਬਡੀ ਖਿਡਾਰੀ ਹੀ ਦੱਸਣਗੇ ਪਕਿਸਤਾਨ ਜਾਣ ਦਾ ਸੱਚ: ਦਲਜੀਤ ਚੀਮਾ - 550ਵਾਂ ਪ੍ਰਕਾਸ਼ ਪੁਰਬ
ਕੇਂਦਰ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਕੱਬਡੀ ਟੀਮ ਦੇ ਪਾਕਿਸਤਾਨ ਜਾਣ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਦੱਸਣਯੋਗ ਹੈ ਕਿ ਭਾਰਤੀ ਕੱਬਡੀ ਟੀਮ ਪਾਕਿਸਤਾਨ 'ਚ ਕੱਬਡੀ ਵਲਰਡ ਕੱਪ 'ਚ ਹਿੱਸਾ ਲੈਣ ਪਹੁੰਚੀ ਹੈ। ਅਕਾਲੀ ਦਲ ਦੇ ਆਗੂ ਦਲਜੀਤ ਚੀਮਾ ਨੇ ਕਿਹਾ ਕਿ ਸੱਚਾਈ ਤਾਂ ਖਿਡਾਰੀ ਹੀ ਦੱਸ ਸਕਣਗੇ ਕਿ ਉਨ੍ਹਾਂ ਨੂੰ ਕਿਸ ਨੇ ਬੁਲਾਇਆ ਸੀ ਕਿਉਂਕਿ ਹਰ ਇਕ ਸ਼ਖ਼ਸ ਨੂੰ ਪਾਕਿਸਤਾਨ ਜਾਣ ਲਈ ਕੇਂਦਰੀ ਮੰਤਰਾਲੇ ਦੀ ਇਜਾਜ਼ਤ ਲੈਣੀ ਪੈਂਦੀ ਹੈ ਤੇ ਬਿਨਾਂ ਇਜਾਜ਼ਤ ਦੇ ਕੋਈ ਵੀ ਉਥੇ ਨਹੀਂ ਜਾ ਸਕਦਾ। ਉਨ੍ਹਾਂ ਆਖਿਆ ਉਂਝ ਤਾਂ ਰੋਜ਼ਾਨਾ ਪੰਜਾਬ ਤੋਂ ਕਈ ਸ਼ਰਧਾਲੂ ਜੱਥੇ ਕਰਤਾਰਪੁਰ ਕੋਰੀਡੋਰ ਦਰਸ਼ਨਾਂ ਲਈ ਜਾ ਰਹੇ ਹਨ। ਦੱਸਣਯੋਗ ਹੈ ਕਿ ਇੱਕ ਪਾਸੇ ਜਿਥੇ ਕੇਂਦਰੀ ਖੇਡ ਮੰਤਰਾਲੇ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕਿਸੇ ਵੀ ਟੀਮ ਨੂੰ ਇਸ ਟੂਰਨਾਮੈਂਟ ‘ਚ ਹਿੱਸਾ ਲੈਣ ਲਈ ਮਨਜੂਰੀ ਨਹੀਂ ਦਿੱਤੀ ਗਈ। ਉਥੇ ਹੀ ਦੂਜੇ ਪਾਸੇ ਪੰਜਾਬ ਕਬੱਡੀ ਐਸੋਸੀਏਸ਼ਨ ਵੱਲੋਂ ਇਸ ਟੀਮ ਨੂੰ ਭੇਜਿਆ ਗਿਆ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਾਰੇ ਖਿਡਾਰੀ ਆਪਣੇ ਪੱਧਰ 'ਤੇ ਪਾਕਿਸਤਾਨ ਗਏ ਹਨ ਤੇ ਇਹ ਕੋਈ ਕੌਮਾਂਤਰੀ ਮੁਕਾਬਲਾ ਨਹੀਂ ਹੈ, ਸਗੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਭਾਰਤੀ ਟੀਮ ਦੀ ਪਾਕਿਸਤਾਨ ਪੁੱਜਣ ਤੋਂ ਬਾਅਦ ਲਗਾਤਾਰ ਇਸ ਨਾਲ ਸਬੰਧਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।