ਕਸ਼ਮੀਰ 'ਚ ਅਧਿਆਪਕਾਂ 'ਤੇ ਹਮਲੇ ਦੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਨਿੰਦਾ - ਗਿਆਨੀ ਹਰਪ੍ਰੀਤ ਸਿੰਘ ਜੀ
ਬਠਿੰਡਾ: ਜੰਮੂ ਕਸ਼ਮੀਰ ਵਿੱਚ ਇੱਕ ਸਕੂਲ ਦੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਰੜੇ ਸ਼ਬਦਾਂ ਚ ਨਿਖੇਧੀ ਕੀਤੀ ਹੈ। ਅੱਜ ਦਮਦਮਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੰਘ ਸਾਹਿਬ ਨੇ ਕਿਹਾ ਕਿ ਕਸ਼ਮੀਰ ਵਿੱਚ ਘੱਟ ਗਿਣਤੀ ਇੱਕ ਸਿੱਖ ਪ੍ਰਿੰਸੀਪਲ ਅਤੇ ਇੱਕ ਹਿੰਦੂ ਅਧਿਆਪਕ ਦਾ ਕਤਲ ਇੱਕ ਨਿੰਦਣਯੋਗ ਘਟਨਾ ਹੈ। ਜਿਸਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ। ਸਿੰਘ ਸਾਹਿਬ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਨਾ ਕੇਵਲ ਜੰਮੂ ਕਸ਼ਮੀਰ ਸਗੋਂ ਸਮੁੱਚੇ ਦੇਸ਼ ਅੰਦਰ ਘੱਟਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਢੁਕਵੇਂ ਕਦਮ ਚੁੱਕੇ। ਜਥੇਦਾਰ ਸਾਹਿਬ ਨੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਮਾਰ ਦੇਣ ਦੀ ਘਟਨਾ ਦੀ ਵੀ ਨਿੰਦਾ ਕਰਦਿਆਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਮੰਗੀ।