ਖੇਤੀ ਆਰਡੀਨੈਂਸਾਂ ਦੇ ਵਿਰੋਧ 'ਤੇ ਡੱਟੇ ਕਿਸਾਨਾਂ ਨੇ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ ਕੀਤਾ ਜਾਮ - ਕਿਸਾਨ ਜੱਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ
ਜਲੰਧਰ : ਕੇਂਦਰੀ ਸਰਕਾਰ ਨੇ ਖੇਤੀ ਨਾਲ ਸਬੰਧਿਤ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ-2020 ਲਾਗੂ ਕੀਤਾ ਹੈ। ਇਸ ਦੇ ਵਿਰੋਧ 'ਚ ਪੰਜਾਬ ਭਰ 'ਚ ਵੱਖ-ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਖੇਤੀ ਆਰਡੀਨੈਂਸ ਦਾ ਵਿਰੋਧ ਕਰਨ ਉੱਤਰੇ ਕਿਸਾਨਾਂ ਨੇ ਜਲੰਧਰ-ਲੁਧਿਆਣਾ ਹਾਈਵੇ ਜਾਮ ਕਰ ਦਿੱਤਾ। ਕਿਸਾਨਾਂ ਨੇ ਇਨ੍ਹਾਂ ਖੇਤੀ ਆਰਡੀਨੈਂਸਾਂ ਨੂੰ ਕਿਸਾਨਾਂ ਦੀ ਮੌਤ ਦਾ ਵਾਰੰਟ ਦੱਸਦੇ ਹੋਏ ਜਲਦ ਆਰਡੀਨੈਂਸਾਂ ਨੂੰ ਵਾਪਸ ਲਏ ਜਾਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਕਿਸਾਨਾਂ ਨੇ ਫਗਵਾੜਾ ਸਥਿਤ ਸ਼ੁਗਰ ਮਿਲ ਵੱਲੋਂ ਕਿਸਾਨਾਂ ਦੇ 75 ਕਰੋੜ ਰਕਮ ਬਕਾਇਆ ਹੋਣ ਦੀ ਗੱਲ ਆਖੀ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰੀ ਨੁਮਾਇੰਦੇ ਆ ਕੇ ਉਨ੍ਹਾਂ ਕੋਲੋ ਲਿੱਖਤੀ ਸੱਦਾ ਲੈ ਜਾਂਦੇ ਹਨ, ਪਰ ਬਾਅਦ ਵਿੱਚ ਮੁਕਰ ਜਾਂਦੇ ਹਨ। ਕਿਸਾਨ ਜੱਥੇਬੰਦੀਆਂ ਨੇ ਕਿਸਾਨਾਂ ਨਾਲ ਹੋ ਰਰੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਾ ਕਰਨ ਦੀ ਗੱਲ ਆਖੀ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਆਰਡੀਨੈਂਸਾਂ ਨੂੰ ਵਾਪਸ ਲੈਣ ਤੱਕ ਰੋਸ ਪ੍ਰਦਰਸ਼ਨ ਅਤੇ ਧਰਨੇ ਜਾਰੀ ਰੱਖਣ ਦੀ ਚੇਤਾਵਨੀ ਦਿੱਤੀ ਹੈ।