ITBP ਦੇ ਸ਼ਹੀਦ ਜਵਾਨ ਦਾ ਸਰਕਾਰੀ ਸਨਮਾਨ ਨਾਲ ਅੰਤਮ ਸੰਸਕਾਰ - ਛੱਤੀਸਗੜ੍ਹ
ਲੁਧਿਆਣਾ: ਸ਼ੁੱਕਰਵਾਰ ਨੂੰ ਛੱਤੀਸਗੜ੍ਹ ਅਧੀਨ ਪੈਂਦੀ ਬਸਤਰ ਡਿਵੀਜ਼ਨ ਦੇ ਜ਼ਿਲ੍ਹਾ ਨਰਾਇਣਪੁਰ ਵਿੱਚ ਨਕਸਲੀਆਂ ਵੱਲੋਂ ਕੀਤੇ ਹਮਲੇ ਵਿੱਚ ਸ਼ਹੀਦ ਹੋਏ ਭਾਰਤ ਤਿੱਬਤ ਬਾਰਡਰ ਪੁਲਿਸ (ITBP) ਦੇ ASI ਗੁਰਮੁੱਖ ਸਿੰਘ ਦਾ ਉਸ ਦੇ ਜੱਦੀ ਪਿੰਡ ਝੋਰੜਾਂ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ITBP ਦੀ 45 ਬਟਾਲੀਅਨ ਦੇ ਸਬ ਇੰਸਪੈਕਟਰ ਸੁਭਾਸ਼ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੁਕੜੀ ਸ਼ਹੀਦ ਗੁਰਮੁੱਖ ਸਿੰਘ ਦੀ ਮ੍ਰਿਤਕ ਦੇਹ ਲੈ ਕੇ ਪਿੰਡ ਵਿੱਚ ਪਹੁੰਚੇ। ਸ਼ਹੀਦ ਗੁਰਮੁੱਖ ਸਿੰਘ ਦੀ ਅੰਤਿਮ ਯਾਤਰਾ ਵਿੱਚ ਪਿੰਡ ਝੋਰੜਾਂ ਤੋਂ ਇਲਾਵਾ ਇਲਾਕੇ ਦੇ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਸ਼ਹੀਦ ਦੇ ਘਰ ਤੋਂ ਲੈ ਕੇ ਸ਼ਮਸ਼ਾਨਘਾਟ ਤੱਕ ਲੋਕਾਂ ਦੀ ਭੀੜ ਨੇ ਹੱਥ ਜੋੜ ਕੇ ਸੇਜਲ ਅੱਖਾਂ ਨਾਲ ਸ਼ਹੀਦ ਗੁਰਮੁੱਖ ਸਿੰਘ ਨੂੰ ਸਿਜਦਾ ਕੀਤਾ। ਇਸ ਮੌਕੇ ITBP ਦੇ ਜਵਾਨਾਂ ਦੀ ਟੁਕੜੀ ਨੇ 8 ਰਾਈਫਲਾਂ ਨਾਲ ਫਾਇਰ ਕਰਕੇ ਸ਼ਹੀਦ ਗੁਰਮੁਖ ਸਿੰਘ ਨੂੰ ਸਲਾਮੀ ਦਿੱਤੀ।