ਧਰਮ ਤਬਦੀਲੀ ਦੇ ਵਿਰੁੱਧ ਆਵਾਜ਼ ਚੁੱਕਣਾ ਸਾਡਾ ਹੱਕ ਹੈ : ਕਰਨੈਲ ਪੀਰ ਮੁਹੰਮਦ
ਚੰਡੀਗੜ੍ਹ : ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਪੀਰ ਮੁਹੰਮਦ ਨੇ ਪਾਕਿਸਤਾਨ ਵਿਖੇ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਪਥਰਾਅ ਕੀਤੇ ਜਾਣ ਦੀ ਨਿੰਦਿਆ ਕੀਤੀ ਹੈ। ਉਨ੍ਹਾਂ ਭੜਕੀ ਹੋਈ ਭੀੜ ਵੱਲੋਂ ਪਾਕਿਸਤਾਨ ਚੋਂ ਸਿੱਖਾਂ ਨੂੰ ਬਾਹਰ ਕੱਢਣ ਦੇ ਨਾਅਰੇ ਲਾਉਣ ਤੇ ਸ੍ਰੀ ਨਨਕਾਣਾ ਸਾਹਿਬ ਦਾ ਨਾਂਅ ਬਦਲੇ ਜਾਣ ਦੀ ਗੱਲ ਨੂੰ ਸ਼ਰਮਨਾਕ ਦੱਸਿਆ। ਉਨ੍ਹਾਂ ਕਿਹਾ ਕਿ ਰਾਜਾ ਮੰਜੂਰ ਨਾਂਅ ਦੇ ਵਿਅਕਤੀ ਜੋ ਕਿ ਨਨਕਾਣਾ ਸਾਹਿਬ ਦਾ ਨਾਂਅ ਬਦਲਣ ਦੀ ਧਮਕੀ ਦੇ ਰਿਹਾ ਹੈ। ਉਹ ਵਿਅਕਤੀ ਸੱਚਾ ਮੁਸਲਮਾਨ ਨਹੀਂ ਹੈ। ਕਰਨੈਲ ਪੀਰ ਮੁਹੰਮਦ ਨੇ ਪਾਕਿਸਤਾਨ ਦੀ ਸਰਕਾਰ ਤੇ ਪੀਐਮ ਇਮਰਾਨ ਖ਼ਾਨ ਕੋਲੋਂ ਮੁਲਜ਼ਮ ਵਿਅਕਤੀ ਉੱਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਮੁਸਲਿਮ ਭਾਈਚਾਰੇ ਨੂੰ ਅਪੀਲ ਕਰਦਿਆਂ ਆਖਿਆ ਕਿ ਸਿੱਖ ਕੌਮ ਕਿਸੇ ਮਾਸੂਮ ਦੇ ਵਿਰੁੱਧ ਨਹੀਂ ਸਗੋਂ ਧਰਮ ਬਦਲੇ ਜਾਣ ਦਾ ਵਿਰੋਧ ਕਰਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਅਤੇ ਸਿੱਖਾਂ ਨੇ ਹਮੇਸ਼ਾ ਤੋਂ ਹੀ ਜ਼ੁਰਮ ਦਾ ਵਿਰੋਧ ਕੀਤਾ ਹੈ।ਪੀਰ ਮੁਹੰਮਦ ਨੇ ਆਖਿਆ ਇੱਕ ਪਾਸੇ ਪਾਕਿਸਤਾਨ ਸਰਕਾਰ ਕਹਿੰਦੀ ਹੈ ਕਿ ਉਹ ਘੱਟ ਗਿਣਤੀ ਧਰਮ ਦੇ ਲੋਕਾਂ ਦੀ ਹਿਫ਼ਾਜਤ ਲਈ ਹਰ ਕੰਮ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਆਏ ਦਿਨ ਪਾਕਿਸਤਾਨ 'ਚ ਹੋਰਨਾਂ ਧਰਮਾਂ ਦੀ ਲੜਕੀਆਂ ਦਾ ਜਬਰਨ ਧਰਮ ਤਬਦੀਲ ਕੀਤੇ ਜਾਣ ਦੀਆਂ ਘਟਨਾਵਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਜੋ ਵੀ ਵਿਅਕਤੀ ਧਰਮ ਤਬਦੀਲੀ ਦਾ ਵਿਰੋਧ ਕਰਨਾ ਸਾਡਾ ਹੱਕ ਹੈ। ਧਰਮ ਤਬਦੀਲੀ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਿੱਖ ਕੌਮ ਹਮੇਸ਼ਾ ਲਾਮਵੰਦ ਰਹੇਗੀ ਅਤੇ ਉਸ ਨੂੰ ਮੂੰਹਤੋੜ ਜਵਾਬ ਦੇਵੇਗੀ।