ਭਾਰਤ-ਪਾਕਿ ਸਰਹੱਦ 'ਤੇ ਵਸੇ ਲੋਕਾਂ ਨੂੰ ਜੰਗਲੀ ਜਾਨਵਰਾਂ ਨੇ ਕੀਤਾ ਪ੍ਰੇਸ਼ਾਨ - ਦੋ ਸਾਲਾਂ ਤੋਂ ਉਨ੍ਹਾਂ ਨੂੰ ਮੁਆਵਜ਼ਾ ਨਹੀਂ ਮਿਲਿਆ
ਪਠਾਨਕੋਟ: ਬਮਿਆਲ ਸੈਕਟਰ ਦੇ ਨਾਲ ਲਗਦੀ ਭਾਰਤ-ਪਾਕਿ ਸਰਹੱਦ ਅਤੇ ਉਸ ਨਾਲ ਵਸੇ ਪਿੰਡਾਂ ਦੇ ਕਿਸਾਨਾਂ ਨੂੰ ਅੱਜਕਲ ਜੰਗਲੀ ਜਾਨਵਰਾਂ ਨੇ ਪ੍ਰੇਸ਼ਾਨ ਕੀਤਾ ਹੋਇਆ ਹੈ। ਦੱਸ ਦੇਈਏ ਕਿ ਸਰਹੱਦ ਕੰਢੇ ਵਸੇ ਪਿੰਡਾਂ ਦੇ ਕਿਸਾਨਾਂ ਦੀ ਜ਼ਿਆਦਾਤਰ ਜ਼ਮੀਨ ਫੈਂਸਿੰਗ ਲਾਈਨ ਦੇ ਦੂਜੇ ਪਾਸੇ ਹੈ, ਜਿਥੇ ਕਿਸਾਨ ਇੱਕ ਨਿਸ਼ਚਿਤ ਸਮੇਂ ਤੱਕ ਹੀ ਜਾ ਸਕਦੇ ਹਨ ਅਤੇ ਬਾਅਦ ਵਿੱਚ ਫ਼ੌਜ ਵੱਲੋਂ ਗੇਟ ਬੰਦ ਕਰ ਦਿੱਤੇ ਜਾਂਦੇ ਹਨ। ਨਤੀਜੇ ਵੱਜੋਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਰਾਤ ਦੇ ਸਮੇਂ ਜੰਗਲੀ ਜਾਨਵਰਾਂ ਵੱਲੋਂ ਉਜਾੜਿਆ ਜਾ ਰਿਹਾ ਹੈ। ਸਰਹੱਦੀ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਾਂ ਤਾਂ ਉਨ੍ਹਾਂ ਨੂੰ ਇਸ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ ਜਾਂ ਫਿਰ ਫੈਂਸਿੰਗ ਲਾਈਨ ਨੂੰ ਜ਼ੀਰੋ ਲਾਈਨ ਦੇ ਉਪਰ ਲਿਜਾਇਆ ਜਾਵੇ।