ਕੋਰੋਨਾ ਵੈਕਸੀਨੇਸ਼ਨ ਨੂੰ ਲੈ ਕੇ ਫ਼ਰੀਦਕੋਟ ਦੇ GGS ਮੈਡੀਕਲ ਹਸਪਤਾਲ ਦੇ MS ਦੇ ਅਹਿਮ ਖੁਲਾਸੇ
ਫ਼ਰੀਦਕੋਟ: ਹਾਲ ਹੀ, ਵਿਚ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਨੇ ਕੋਰੋਨਾ ਮਹਾਂਮਾਰੀ ਦੌਰਾਨ ਵੈਕਸੀਨੇਸ਼ਨ ਕਰਵਾਉਣ ਅਤੇ ਨਾ ਕਰਵਾਉਣ ਵਾਲੇ ਲੋਕਾਂ ਬਾਰੇ ਅਹਿਮ ਜਾਣਕਾਰੀ ਸਾਂਝੀ ਕਰਦੇ ਹੋਏ ਵੱਡੇ ਖੁਲਾਸੇ ਕੀਤੇ ਹਨ। ਜਾਣਕਾਰੀ ਦਿੰਦੇ ਹੋਏ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ ਸੁਲੇਖ਼ ਮਿੱਤਲ ਨੇ ਦੱਸਿਆ ਕਿ ਪਿਛਲੇ ਕਰੀਬ 20 ਦਿਨਾਂ ਅੰਦਰ ਫ਼ਰੀਦਕੋਟ ਦੇ ਜੀਜੀਐਸ ਮੈਡੀਕਲ ਵਿਚ ਕੋਰੋਨਾ ਪੌਜ਼ੀਟਿਵ ਮਰੀਜਾਂ ਬਾਰੇ ਅਹਿਮ ਤੱਥ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿਨਾਂ ਦੌਰਾਨ ਹਸਪਤਾਲ ਵਿੱਚ ਦਾਖ਼ਲ ਹੋਣ ਵਾਲੇ ਕੋਰੋਨਾ ਪੌਜ਼ੀਟਿਵ ਮਰੀਜਾਂ ਵਿਚ ਪਾਇਆ ਗਿਆ ਕਿ ਜਿੰਨਾ ਲੋਕਾਂ ਨੇ ਇਕ ਵੀ ਵੈਕਸੀਨੇਸ਼ਨ ਡੋਜ਼ ਨਹੀਂ ਲਗਵਾਈ ਅਤੇ ਉਹ ਪੌਜ਼ੀਟਿਵ ਆਏ ਹਨ, ਤਾਂ ਉਨ੍ਹਾਂ ਵਿਚ ਜੋ ਮੌਤ ਦਰ ਹੈ ਉਹ ਜ਼ਿਆਦਾ ਹੈ। ਦੂਜੇ ਪਾਸੇ, ਜਿਨ੍ਹਾਂ ਲੋਕਾਂ ਨੇ 1 ਜਾਂ 2 ਡੋਜ਼ ਵੈਕਸੀਨੇਸ਼ਨ ਲਗਵਾਈਆਂ ਹਨ ਅਤੇ ਉਹ ਪੌਜ਼ੀਟਿਵ ਆਏ ਹਨ, ਉਨ੍ਹਾਂ ਵਿਚ ਮੌਤ ਦਰ ਨਾ ਮਾਤਰ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਲਈ ਸਭ ਨੂੰ ਵੈਕਸੀਨੇਸ਼ਨ ਜ਼ਰੂਰ ਕਰਵਾਉਣੀ ਚਾਹੀਦੀ ਹੈ, ਤਾਂ ਜੋ ਇਸ ਮਹਾਂਮਾਰੀ ਨੂੰ ਮਾਤ ਦਿੱਤੀ ਜਾ ਸਕੇ।