ਪਤੀ ਨੇ ਕੈਂਚੀ ਮਾਰ ਕੀਤਾ ਪਤਨੀ ਦੇ ਭਰਾ ਦਾ ਕਤਲ - ਤਰਨ ਤਾਰਨ ਕ੍ਰਾਇਮ ਨਿਊਜ਼ ਅਪਡੇਟ
ਤਰਨ ਤਾਰਨ: ਹਲਕਾ ਖੇਮਕਰਨ ਦੇ ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡ ਆਸਲ ਵਿਖੇ ਇੱਕ ਪਰਿਵਾਰ 'ਚ ਆਪਸੀ ਝਗੜੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਸੁੱਖਚੈਨ ਸਿੰਘ ਵਜੋਂ ਹੋਈ ਹੈ। ਪਿੰਡ ਦੇ ਸਰਪੰਚ ਨੇ ਦੱਸਿਆ ਪਿੰਡ ਵਾਸੀ ਛਿੱਬਾ ਸਿੰਘ ਤੇ ਉਸ ਦਾ ਪਰਿਵਾਰ ਪਿੰਡ ਅੰਦਰ ਹੀ ਇੱਕ ਇੱਟਾਂ ਦੇ ਭੱਠੇ 'ਤੇ ਕੰਮ ਕਰਦਾ ਹੈ। ਛਿੱਬਾ ਸਿੰਘ ਦੀ ਧੀ ਦਾ ਵਿਆਹ ਭੱਠੇ ਤੇ ਕੰਮ ਕਰਨ ਵਾਲੇ ਹਰਮੇਸ਼ ਸਿੰਘ ਨਾਲ ਹੋਇਆ ਹੈ। ਹਰਮੇਸ਼ ਅਕਸਰ ਉਨ੍ਹਾਂ ਦੀ ਬੇਟੀ ਨਾਲ ਸ਼ਰਾਬ ਪੀ ਕੇ ਕੁੱਟਮਾਰ ਕਰਦਾ ਹੈ। ਬੀਤੀ ਰਾਤ ਜਦ ਹਰਮੇਸ਼ ਸ਼ਰਾਬ ਪੀ ਕੇ ਆਇਆ ਤੇ ਉਨ੍ਹਾਂ ਦੀ ਬੇਟੀ ਨੂੰ ਕੁੱਟਣ ਲੱਗ ਪਿਆ। ਸੁੱਖਚੈਨ ਸਿੰਘ ਨੇ ਹਰਮੇਸ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹਰਮੇਸ਼ ਨੇ ਕੈਂਚੀ ਮਾਰ ਕੇ ਸੁੱਖਚੈਨ ਸਿੰਘ ਦਾ ਕਤਲ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ। ਸੁਖਚੈਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਿੰਡ ਵਾਸੀਆਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਫਰਾਰ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਤੇ ਮੁਲਜ਼ਮ ਦੀ ਭਾਲ ਜਾਰੀ ਹੈ।