ਅੰਦੋਲਨ ਦੀ ਹਮਾਇਤ 'ਚ ਆਲ ਇੰਡੀਆ ਜੱਟ ਮਹਾਂਸਭਾ ਨੇ ਕੇਂਦਰ ਸਰਕਾਰ ਦਾ ਸਾੜਿਆ ਪੁਤਲਾ
ਹੁਸ਼ਿਆਰਪੁਰ: ਸ਼ਹੀਦ ਭਗਤ ਸਿੰਘ ਚੌਕ 'ਚ ਅੱਜ ਆਲ ਇੰਡੀਆ ਜੱਟ ਮਹਾਂਸਭਾ ਨੇ ਅਮਰਪਾਲ ਸਿੰਘ ਕਾਕਾ ਦੀ ਅਗਵਾਈ 'ਚ ਖੇਤੀ ਕਾਨੂੰਨਾਂ ਵਿਰੁੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਅਤੇ ਰੋਸ ਪ੍ਰਦਰਸ਼ਨ ਕੀਤਾ। ਸਭਾ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਹੱਦਾਂ 'ਤੇ ਧਰਨਾ ਦੇ ਰਹੇ ਹਨ ਤੇ ਹੁਣ ਤੱਕ ਸੈਂਕੜੇ ਹੀ ਕਿਸਾਨ ਸ਼ਹੀਦੀਆਂ ਵੀ ਪਾ ਚੁੱਕੇ ਹਨ ਪਰ ਇਸ ਦੇ ਬਾਵਜੂਦ ਕੇਂਦਰ ਦੀ ਮੋਦੀ ਸਰਕਾਰ ਦੇ ਕੰਨ 'ਤੇ ਕੋਈ ਵੀ ਜੂੰ ਤੱਕ ਨਹੀਂ ਸਰਕ ਰਹੀ। ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਸਰਕਾਰ ਨੌਕਰੀ ਦੇ ਨਾਲ-ਨਾਲ ਦਸ ਲੱਖ ਰੁਪਏ ਤੱਕ ਦਾ ਮੁਆਵਜ਼ਾ ਵੀ ਦੇਵੇ ਅਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ।