ਪਠਾਨਕੋਟ: ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪਰੇਸ਼ਾਨ
ਪਠਾਨਕੋਟ: ਸ਼ਹਿਰ 'ਚ ਇੱਕ ਮੀਂਹ ਨੇ ਪ੍ਰਸ਼ਾਸਨ ਦੇ ਪ੍ਰਬੰਧਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪ੍ਰਸ਼ਾਸਨ ਦੀ ਇਸ ਅਣਦੇਖੀ ਕਾਰਨ ਸਥਾਨਕ ਲੋਕਾਂ ਨੂੰ ਬਹੁਤ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਗਾਤਾਰ ਹੋ ਰਹੀ ਬਰਸਾਤ ਦੇ ਚੱਲਦੇ ਜਿੱਥੇ ਦੇਸ਼ ਭਰ ਦੇ ਵੱਖ ਵੱਖ ਸੂਬਿਆਂ 'ਚ ਹੜ੍ਹ ਵਾਲੇ ਹਾਲਾਤ ਬਣੇ ਹੋਏ ਹਨ, ਜਿਸ ਕਾਰਨ ਜਨ ਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਪਠਾਨਕੋਟ ਵਿੱਚ ਪਿਛਲੇ ਕੁਝ ਦਿਨਾਂ ਤੋਂ ਰੁਕ ਰੁਕ ਕੇ ਹੋ ਰਹੀ ਬਰਸਾਤ ਦੇ ਕਾਰਨ ਸੜਕਾਂ 'ਤੇ ਪਾਣੀ ਖੜ੍ਹਾ ਹੋ ਗਿਆ ਹੈ, ਜਿਸ ਨਾਲ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰ ਸਾਲ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਬਰਸਾਤੀ ਨਾਲਿਆਂ ਦੀ ਸਫਾਈ ਕਰਵਾਈ ਜਾਣੀ ਹੁੰਦੀ ਹੈ, ਪਰ ਬਰਸਾਤਾਂ ਆਉਣ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਇਹ ਕੰਮਾਂ ਨੂੰ ਮੁਕੰਮਲ ਨਹੀਂ ਕਰਵਾਇਆ ਗਿਆ। ਇਸਦੇ ਚੱਲਦੇ ਪਠਾਨਕੋਟ ਦੀ ਸੜਕਾਂ ਤੇ ਪਾਣੀ ਖੜ੍ਹਾ ਹੋ ਗਿਆ ਹੈ। ਪਾਣੀ ਖੜ੍ਹਾ ਹੋਣ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਇਸ ਮੌਕੇ ਲੋਕਾਂ ਨੇ ਪ੍ਰਸ਼ਾਸਨ ਤੋਂ ਜਲਦ ਹੀ ਕੁਝ ਪੱਕਾ ਹੱਲ ਕੱਢੇ ਜਾਣ ਦੀ ਮੰਗ ਕੀਤੀ ਤਾਂ ਜੋ ਉਨ੍ਹਾਂ ਦੀ ਪਿਛਲੇ ਲੰਬੇ ਸਮੇਂ ਤੋਂ ਆ ਰਹੀ ਇਸ ਮੁਸ਼ਕਿਲ ਦਾ ਹੱਲ ਹੋ ਸਕੇ।