ਕੋਰੋਨਾ ਵਿਰੁੱਧ ਜੰਗ 'ਚ ਇੱਕ ਹੋਰ ਸਿਹਤ ਮੁਲਾਜ਼ਮ ਦੀ ਮੌਤ - Raikot coronavirus news
ਲੁਧਿਆਣਾ: ਰਾਏਕੋਟ ਦੇ ਕਸਬਾ ਸੁਧਾਰ ਵਿਖੇ ਸਥਿਤ ਕਮਿਊਨਿਟੀ ਸਿਹਤ ਕੇਂਦਰ ਅਧੀਨ ਪੈਂਦੇ ਸਬ-ਸੈਂਟਰ ਕਾਲਸਾਂ ਦੀ ਏ.ਐਨ.ਐਮ ਪਰਮਜੀਤ ਕੌਰ (52 ਸਾਲ) ਦੀ ਬੁੱਧਵਾਰ ਦੇਰ ਸ਼ਾਮ ਪਟਿਆਲਾ ਦੇ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਹਸਪਤਾਲ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਪਰਮਜੀਤ ਕੌਰ ਦੇ ਪਤੀ ਨਿਰਭੈ ਸਿੰਘ ਵਾਸੀ ਪਿੰਡ ਲੋਹਗੜ੍ਹ ਹਾਲਵਾਸੀ ਰਾਏਕੋਟ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜਦੋਂ ਪਰਮਜੀਤ ਕੌਰ ਸੁਧਾਰ ਦੇ ਸਰਕਾਰੀ ਹਸਪਤਾਲ ਤੋਂ ਮੀਟਿੰਗ ਉਪਰੰਤ ਘਰ ਪਹੁੰਚੀ ਤਾਂ ਉਸ ਨੇ ਬੁਖ਼ਾਰ ਦੀ ਸ਼ਿਕਾਇਤ ਕੀਤੀ ਅਤੇ ਉਸ ਨੂੰ ਖੰਘ ਵੀ ਸੀ। ਜਦੋਂ ਪਰਮਜੀਤ ਕੌਰ ਨੂੰ ਇਲਾਜ ਲਈ ਸਿਵਲ ਹਸਪਤਾਲ ਲੁਧਿਆਣਾ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਦੇ ਨਮੂਨੇ ਲਏ ਸਨ ਅਤੇ ਉਸ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਉਣ ਬਾਅਦ ਬੀਤੇ ਦਿਨ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪਟਿਆਲਾ ਦੇ ਰਾਜਿੰਦਰਾ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ, ਜਿੱਥੇ ਦੇਰ ਸ਼ਾਮ ਉਸ ਦੀ ਮੌਤ ਹੋ ਗਈ। ਵੀਰਵਾਰ ਨੂੰ ਸਿਹਤ ਕਰਮਚਾਰੀਆਂ ਦੀ ਨਿਗਰਾਨੀ ਹੇਠ ਉਸ ਦਾ ਅੰਤਿਮ ਸਸਕਾਰ ਉਸ ਦੇ ਪਿੰਡ ਲੋਹਗੜ੍ਹ ਵਿੱਚ ਕਰ ਦਿੱਤਾ ਗਿਆ।