ਅਮਿਤ ਗੰਭੀਰ ਦੀ ਨਿਸ਼ਾਨਦੇਹੀ 'ਤੇ NIA ਨੇ ਵੱਡੀ ਮਾਤਰਾ ਵਿੱਚ ਹਵਾਲਾ ਦਾ ਪੈਸਾ ਕੀਤਾ ਬਰਾਮਦ - 532 ਕਿੱਲੋ ਹੈਰੋਇਨ ਦਾ ਮਾਮਲਾ
ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਵੱਡੇ 532 ਕਿੱਲੋ ਹੈਰੋਇਨ ਦੇ ਮਾਮਲੇ ਵਿੱਚ ਮੋਹਾਲੀ ਦੀ ਐੱਨਆਈਏ ਦੀ ਟੀਮ ਵੱਲੋਂ ਅਮਿਤ ਗੰਭੀਰ ਨੂੰ ਅਦਾਲਤ ਵਿੱਚ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਪੇਸ਼ ਕੀਤਾ ਗਿਆ, ਜਿੱਥੇ ਐੱਨਆਈਏ ਦੀ ਟੀਮ ਵੱਲੋਂ ਵੱਡੇ ਖ਼ੁਲਾਸੇ ਕੀਤੇ ਗਏ। ਬੀਤੀ ਰਾਤ ਮੁਲਜ਼ਮ ਨੇ ਦੱਸਿਆ ਕਿ ਉਸਨੇ ਕਿੱਥੇ-ਕਿੱਥੇ ਹਵਾਲਾ ਦਾ ਪੈਸਾ ਰੱਖਿਆ ਹੈ, ਜਿਸ ਤੋਂ ਬਾਅਦ ਐੱਨਆਈਏ ਦੀ ਟੀਮ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਛਾਪੇਮਾਰੀ ਕਰ ਹਵਾਲਾ ਦਾ ਪੈਸਾ ਜ਼ਬਤ ਕੀਤਾ ਗਿਆ। ਇਸ ਦੇ ਨਾਲ ਹੀ ਬਹੁਤ ਵੱਡੀ ਤਾਦਾਦ ਵਿੱਚ ਕਾਗਜ਼ਾਤ ਵੀ ਜ਼ਬਤ ਕੀਤੇ ਗਏ। ਇੱਥੇ ਦਸਣਾ ਬਣਦਾ ਹੈ, ਕਿ ਅਦਾਲਤ ਵੱਲੋਂ ਇਸ ਮੁਲਜ਼ਮ ਨੂੰ ਐੱਨਆਈਏ ਦੀ ਮੰਗ 'ਤੇ 10 ਦਿਨ ਦੇ ਹੋਰ ਰਿਮਾਂਡ ਉੱਤੇ ਭੇਜ ਦਿੱਤਾ ਹੈ, ਤਾਂ ਕਿ ਇਸ ਤੋਂ ਹੋਰ ਵੀ ਖ਼ੁਲਾਸੇ ਕਰਵਾਏ ਜਾ ਸਕਣ। ਇਸ ਮਾਮਲੇ ਵਿੱਚ ਐੱਨਆਈਏ ਟੀਮ 10 ਮੁਲਜ਼ਮਾਂ ਖ਼ਿਲਾਫ਼ ਚਾਰਜ ਸੀਟ ਵੀ ਦਾਖ਼ਿਲ ਕਰ ਚੁੱਕੀ ਹੈ।