ਗੈਸਟ ਫੈਕਲਟੀ ਪ੍ਰੋਫੈਸਰਾਂ ਨੇ ਪੰਜਾਬ ਸਰਕਾਰ ਵਿਰੁੱਧ ਕੀਤੀ ਹੜਤਾਲ
ਪੰਜਾਬ ਭਰ ਦੇ ਸਰਕਾਰੀ ਕਾਲਜਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਬਤੌਰ ਗੈਸਟ ਪ੍ਰੋਫੈਸਰ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਵੱਲੋਂ ਲਗਾਤਾਰ ਪੱਕੇ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਕੜੀ ਵਿੱਚ ਮਾਨਸਾ ਦੇ ਨਹਿਰੂ ਕਾਲਜ ਦੇ ਪ੍ਰੋਫੈਸਰਾਂ ਨੇ ਮੁਕੰਮਲ ਹੜਤਾਲ ਕੀਤੀ ਹੈ। ਉਨ੍ਹਾਂ ਦੀ ਇਸ ਹੜਤਾਲ ਦਾ ਸਮਰਥਨ ਕਰਨ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਵੀ ਸ਼ਾਮਲ ਹੋਏ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਪ੍ਰੋਫੈਸਰਾਂ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਅਧਿਆਪਕਾਂ ਨੇ ਸੂਬਾ ਸਰਕਾਰ ਕੋਲੋਂ ਉਨ੍ਹਾਂ ਨੂੰ ਪੱਕੇ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਮੌਕੇ ਵਿਧਾਇਕ ਬੁੱਧਰਾਮ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੀ ਗੱਲਾਂ ਤਾਂ ਕਰਦੀ ਹੈ ਪਰ ਅਜੇ ਵੀ ਸਰਕਾਰੀ ਕਾਲਜਾਂ ਵਿੱਚ ਵੱਡੇ ਪੱਧਰ ਉੱਤੇ ਪ੍ਰੋਫੈਸਰਾਂ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਪ੍ਰੋਫੈਸਰਾਂ ਨੂੰ ਪੱਕਾ ਕੀਤੇ ਜਾਣ ਲਈ ਧਿਆਨ ਨਹੀਂ ਦੇ ਰਹੀ। ਫੈਕਲਟੀ ਪ੍ਰੋਫੈਸਰ ਯੂਨੀਅਨ ਦੇ ਉਪ ਪ੍ਰਧਾਨ ਰਵਿੰਦਰ ਨੇ ਕਿਹਾ ਕਿ ਸੂਬੇ 'ਚ ਪ੍ਰੋਫੈਸਰਾਂ ਲਈ 1873 ਅਸਾਮੀਆਂ ਖਾਲ੍ਹੀ ਹਨ। ਮੌਜੂਦਾ ਸਮੇਂ ਵਿੱਚ ਕੁੱਲ 1100 ਗੈਸਟ ਪ੍ਰੋਫੈਸਰ ਕੰਮ ਕਰ ਰਹੇ ਹਨ। ਸਰਕਾਰ ਨੂੰ ਇਨ੍ਹਾਂ ਅਸਾਮੀਆਂ ਨੂੰ ਭਰਨਾ ਚਾਹੀਦਾ ਹੈ ਤੇ ਗੈਸਟ ਪ੍ਰੋਫੈਸਰਾਂ ਦੀਆਂ ਮੰਗਾਂ ਉੱਤੇ ਧਿਆਨ ਦੇਣਾ ਚਾਹੀਦਾ ਹੈ।