'ਬਰਾੜ' ਵਰਗੇ ਅਨੁਸ਼ਾਸਣਹੀਣ ਬੰਦਿਆਂ ਦੀ ਕਾਂਗਰਸ ਵਿੱਚ ਕੋਈ ਥਾਂ ਨਹੀਂ : ਕੈਪਟਨ - ਕੈਪਟਨ ਅਮਰਿੰਦਰ ਸਿੰਘ
ਜਗਮੀਤ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੱਖੀ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਬਰਾੜ ਦੀ ਮੌਕਾਪ੍ਰਸਤੀ ਦਾ ਮਜਾਕ ਉਡਾਉਂਦਿਆਂ ਕਿਹਾ ਕਿ ਕਾਂਗਰਸ ਵਿੱਚ ਵਾਪਸੀ ਦੇ ਤਮਾਮ ਰਸਤੇ ਬੰਦ ਹੋਣ ਤੋਂ ਬਾਅਦ ਆਪਣਾ ਸਿਆਸੀ ਵਜੂਦ ਬਚਾਉਣ ਲਈ ਉਸ ਨੇ ਆਖਰੀ ਹੰਭਲਾ ਮਾਰਿਆ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਸ੍ਰੀ ਬਰਾੜ ਪਾਸੋਂ ਪ੍ਰਾਪਤ ਹੋਏ ਵੱਟਸਐਪ ਸੰਦੇਸ਼ਾਂ ਦੀ ਲੜੀ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਬਕਾ ਸੰਸਦ ਮੈਂਬਰ ਸਿਆਸਤ ਵਿੱਚ ਵਾਪਸੀ ਲਈ ਤਿਲਮਿਲਾ ਰਿਹਾ ਸੀ ਅਤੇ ਅਖੀਰ ਉਸ ਨੇ ਬਾਦਲਾਂ ਨਾਲ ਜਾਣ ਦਾ ਫ਼ੈਸਲਾ ਕੀਤਾ ਜਦਕਿ ਉਸ ਨੇ ਵਾਅਦਾ ਕੀਤਾ ਸੀ ਕਿ ਜੇ ਕਾਂਗਰਸ ਉਸ ਨੂੰ ਵਾਪਸ ਲਿਆਉਣ ਲਈ ਸਹਿਮਤ ਹੁੰਦੀ ਹੈ ਤਾਂ ਉਹ ਬਾਦਲਾਂ ਨਾਲ ਨਜਿੱਠਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸੁਭਾਵਕ ਗੱਲ ਹੈ ਕਿ ਸ੍ਰੀ ਬਰਾੜ ਅੱਗੇ ਇਕ ਸਿਆਸੀ ਏਜੰਡਾ ਹੈ ਅਤੇ ਇਸ ਲਈ ਉਹ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ।