ਅਜਨਾਲਾ 'ਚ ਫੂਡ ਸਪਲਾਈ ਵਿਭਾਗ ਨੇ ਮਾਰਿਆ ਛਾਪਾ, ਭਰੇ ਸੈਂਪਲ ਤੇ ਕੱਟੇ ਚਲਾਨ - ਫੂਡ ਸਪਲਾਈ ਵਿਭਾਗ ਅੰਮ੍ਰਿਤਸਰ
ਅਜਨਾਲਾ: ਫੂਡ ਸਪਲਾਈ ਵਿਭਾਗ ਅੰਮ੍ਰਿਤਸਰ ਦੇ ਅਸਿਸਟੈਂਟ ਕਮਿਸ਼ਨਰ ਵੱਲੋਂ ਆਪਣੀ ਟੀਮ ਨੂੰ ਨਾਲ ਲੈ ਕੇ ਅਜਨਾਲਾ ਅੰਦਰ ਛਾਪੇਮਾਰੀ ਕੀਤੀ ਗਈ। ਜਿਸ ਦੌਰਾਨ ਟੀਮ ਦੀ ਭਿਣਕ ਲੱਗਦੇ ਹੀ ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਭੱਜ ਗਏ। ਜਿਸ ਦੌਰਾਨ ਟੀਮ ਵੱਲੋਂ ਅਜਨਾਲਾ ਦੀ ਨਦੀਨ ਬੇਕਰੀ 'ਤੇ ਛਾਪੇਮਾਰੀ ਕਰਕੇ ਉਥੋਂ ਸੈਂਪਲ ਭਰੇ ਗਏ, ਇਸ ਦੌਰਾਨ ਜਾਂਚ ਵਿੱਚ ਪਾਇਆ ਗਿਆ ਕਿ ਉਥੋਂ ਦੀ ਸਾਫ਼ ਸਫ਼ਾਈ ਦੀ ਹਾਲਤ ਬਹੁਤ ਹੀ ਜ਼ਿਆਦਾ ਮਾੜੀ ਸੀ। ਇਸ ਮੌਕੇ ਫੂਡ ਸਪਲਾਈ ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਅੰਮ੍ਰਿਤਸਰ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅਜਨਾਲਾ ਅੰਦਰ ਇੱਕ ਬੇਕਰੀ ਹੈ, ਜਿਥੇ ਕਾਫ਼ੀ ਜ਼ਿਆਦਾ ਗੰਦਗੀ ਹੈ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੀ ਟੀਮ ਦੇ ਨਾਲ ਇੱਥੇ ਛਾਪੇਮਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਬੇਕਰੀ 'ਤੇ ਸਾਫ਼ ਸਫ਼ਾਈ ਦਾ ਪ੍ਰਬੰਧ ਬਹੁਤ ਹੀ ਮਾੜਾ ਸੀ ਅਤੇ ਉਨ੍ਹਾਂ ਵੱਲੋਂ ਇਕ ਨੋਟਿਸ ਜਾਰੀ ਕਰਦੇ ਹੋਏ ਚਲਾਨ ਕੱਟਣ ਦੇ ਨਾਲ ਹੀ ਇਨ੍ਹਾਂ ਦੇ ਸੈਂਪਲ ਵੀ ਭਰੇ ਗਏ ਹਨ।