ਫਿਰੋਜ਼ਪੁਰ :ਵਜੀਫਾ ਫਾਰਮ ਭਰਨ ਦੇ ਨਾਂਅ 'ਤੇ ਮਾਪਿਆਂ ਨਾਲ ਹੋ ਰਹੀ ਲੁੱਟ
ਫਿਰੋਜ਼ਪੁਰ : ਪੰਜਾਬ 'ਚ ਵਜੀਫਾ ਘੁਟਾਲਾ ਦਾ ਮਾਮਲਾ ਅਜੇ ਠੰਡਾ ਨਹੀਂ ਪਿਆ ਕਿ ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਕੁੱਝ ਨਿੱਜੀ ਸਕੂਲਾਂ ਵਿੱਚ ਵਜੀਫਾ ਫਾਰਮ ਭਰਨ ਲਈ ਪ੍ਰਤੀ ਵਿਦਿਆਰਥੀ 100 ਤੋਂ 130 ਰੁਪਏ ਤੱਕ ਦੀ ਵਸੂਲੀ ਕੀਤੀ ਜਾ ਰਹੀ ਹੈ। ਸ਼ਹਿਰ ਦੇ ਇੱਕ ਨਿੱਜੀ ਸਕੂਲ 'ਚ ਆਪਣੇ ਬੱਚਿਆਂ ਦਾ ਵਜੀਫੇ ਦਾ ਫਾਰਮ ਭਰਨ ਲਈ ਪੁੱਜੇ ਮਾਪਿਆਂ ਨੇ ਦੱਸਿਆ ਕਿ ਵਜੀਫਾ ਫਾਰਮ ਭਰਨ ਦੇ ਨਾਂਅ 'ਤੇ ਮਾਪਿਆਂ ਨਾਲ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਕੋਲ ਸਕੂਲ ਪ੍ਰਬੰਧਕ ਵੱਲੋਂ ਸਕੂਲ ਆ ਕੇ ਫਾਰਮ ਭਰਨ ਦਾ ਮੈਸੇਜ ਆਇਆ ਸੀ। ਜਦ ਉਨ੍ਹਾਂ ਨੇ ਸਕੂਲ ਆ ਕੇ ਵਜੀਫਾ ਫਾਰਮ ਭਰਿਆ ਤਾਂ ਉਨ੍ਹਾਂ ਕੋਲੋਂ130 ਰੁਪਏ ਵਸੂਲੇ ਗਏ। ਮਾਪਿਆਂ ਨੇ ਕਿਹਾ ਕਿ ਪਹਿਲਾਂ ਹੀ ਸਰਕਾਰ ਵੱਲੋਂ ਦੇਰੀ ਨਾਲ ਵਜੀਫੇ ਦਿੱਤੇ ਜਾ ਰਹੇ ਹਨ ਤੇ ਦੂਜੇ ਪਾਸੇ ਇਸ ਦੇ ਲਈ ਵੀ ਫੀਸ ਵਸੂਲੀ ਜਾ ਰਹੀ ਹੈ। ਜਦੋਂ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਕੰਮ ਕਾਜ ਠੱਪ ਪੈਣ ਨਾਲ ਉਹ ਪਹਿਲਾਂ ਹੀ ਆਰਥਿਕ ਤੰਗੀ ਨਾਲ ਜੂਝ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਵਜੀਫਾ ਫਾਰਮ ਸਬੰਧੀ ਸਹੀ ਨਿਯਮ ਬਣਾਉਣ ਦੀ ਅਪੀਲ ਕੀਤੀ। ਸਿੱਖਿਆ ਵਿਭਾਗ ਦੇ ਡੀ.ਓ.ਕੁਲਵਿੰਦਰ ਕੌਰ ਨੂੰ ਸ਼ਿਕਾਇਤ ਕੀਤੇ ਜਾਣ 'ਤੇ ਉਨ੍ਹਾਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ।