ਅੰਮ੍ਰਿਤਸਰ: ਇਲਾਕੇ 'ਚ ਲੰਗੂਰ ਆਉਣ ਨਾਲ ਦਹਿਸ਼ਤ ਦਾ ਮਾਹੌਲ - amritsar latest news
ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੇ ਖੰਡਵਾਲਾ ਇਲਾਕੇ ਦੀ ਧੱਕਾ ਕਲੋਨੀ ਵਿੱਚ ਇੱਕ ਲੰਗੂਰ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਰੱਖਿਆ ਹੈ। ਦੱਸ ਦੇਈਏ ਕਿ ਲੰਗੂਰ ਪਿਛਲੇ 3 ਦਿਨਾਂ ਤੋਂ ਇਲਾਕੇ ਵਿੱਚ ਘੁੰਮ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਲੰਗੂਰ ਕਾਰਨ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਲੰਗੂਰ ਘਰ 'ਚ ਚਲਾ ਜਾਂਦਾ ਹੈ ਤੇ ਘਰਾਂ ਦੇ ਸਮਾਨ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਦੇ ਨਾਲ ਹੀ ਲੋਕਾਂ ਨੇ ਕਿਹਾ ਕਿ ਲੰਗੂਰ ਨੂੰ ਦੇਖਣ ਲਈ ਬੱਚਿਆਂ ਦੀ ਭੀੜ ਜਮ੍ਹਾਂ ਹੋ ਜਾਂਦੀ ਹੈ, ਜੋ ਕਿ ਬੱਚਿਆਂ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਸ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ ਪਰ ਹਾਲੇ ਤੱਕ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਇਲਾਕੇ ਵਿੱਚ ਨਹੀਂ ਪਹੁੰਚਿਆ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਮਾਮਲੇ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਕਾਰਵਾਈ ਕਰਨੀ ਚਾਹੀਦੀ ਹੈ।