ਜੀਓ ਸਿਮ ਪੋਰਟ ਕਰਵਾਉਣ ਲਈ ਯੁਵਾ ਕਮੇਟੀ ਦਾ ਗਠਨ ਕਰਨਗੇ ਕਿਸਾਨ
ਮੋਗਾ: ਕਿਸਾਨ ਜਥੇਬੰਦੀਆਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਯੁਵਾ ਕਿਸਾਨਾਂ ਦੀ ਇੱਕ ਕਮੇਟੀ ਦਾ ਗਠਨ ਕਰਨਗੇ ਜੋ ਕਿ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਆਪਣੇ ਜੀਓ ਦੇ ਸਿਮ ਹੋਰ ਕੰਪਨੀਆਂ ਵਿੱਚ ਪੋਰਟ ਕਰਵਾਉਣ ਲਈ ਜਾਗਰੁਕ ਕਰੇਗੀ। ਬੀਤੇ ਦਿਨੀਂ ਮੋਗਾ ਦੇ ਏਕਤਾ ਨਗਰ ਵਿੱਚ ਕਿਸਾਨਾਂ ਨੇ ਜੀਓ ਕੰਪਨੀ ਦੇ ਮੋਬਾਈਲ ਟਾਵਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ, ਜਿਸ ਦੇ ਚੱਲਦੇ ਪੁਲਿਸ ਨੇ ਚਾਰ ਕਿਸਾਨਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਸੀ। ਇਸ ਉਪਰੰਤ ਕਿਸਾਨ ਜਥੇਬੰਦੀਆਂ ਨੇ ਥਾਣੇ ਦੇ ਬਾਹਰ ਧਰਨਾ ਦੇ ਕੇ ਪੁਲਿਸ 'ਤੇ ਦਬਾਅ ਬਣਾਇਆ ਅਤੇ ਪੁਲਿਸ ਨੇ ਚਾਰਾਂ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ ਸੀ। ਭਾਰਤ ਨੌਜਵਾਨ ਸਭਾ ਦੇ ਆਗੂ ਕਰਮਜੀਤ ਸਿੰਘ ਕੋਟਕਪੂਰਾ ਨੇ ਕਿਹਾ ਕਿ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੇ ਫੈਸਲਾ ਕੀਤਾ ਹੈ ਕਿ ਕੋਈ ਵੀ ਕਿਸਾਨ ਕਿਸੇ ਵੀ ਟਾਵਰ ਜਾਂ ਹੋਰ ਸੰਪਤੀ ਨੂੰ ਨੁਕਸਾਨ ਨਹੀਂ ਪਹੁੰਚਾਏਗਾ, ਬਲਕਿ ਅੰਬਾਨੀਆਂ ਅਡਾਨੀਆਂ ਦਾ ਲੱਕ ਤੋੜਨ ਲਈ ਨੌਜਵਾਨ ਕਿਸਾਨਾਂ ਦੀ ਇੱਕ ਕਮੇਟੀ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਆਪਣੇ ਜੀਓ ਦੇ ਸਿਮ ਹੋਰ ਕੰਪਨੀਆਂ ਵਿੱਚ ਪੋਰਟ ਕਰਵਾਉਣ ਲਈ ਜਾਗਰੁਕ ਕਰੇਗੀ।