ਬੇ-ਮੌਸਮੇ ਮੀਂਹ ਨੇ ਸੁਕਾਏ ਕਿਸਾਨਾਂ ਦੇ ਸਾਹ
ਅੰਮ੍ਰਿਤਸਰ: ਸੋਮਵਾਰ ਸਵੇਰ ਤੋਂ ਸਰਹੱਦੀ ਖੇਤਰ ਵਿੱਚ ਹੋ ਰਹੀ ਤੇਜ਼ ਬਾਰਿਸ਼ (Heavy rain) ਅਤੇ ਤੇਜ਼ ਹਨ੍ਹੇਰੀ ਝੱਖੜ ਕਾਰਨ ਝੋਨੇ ਦੀ ਪੂਰੀ ਤਰ੍ਹਾਂ ਪੱਕ ਕੇ ਤਿਆਰ ਝੋਨੇ ਦੀ ਫਸਲ (Paddy crop) ਖ਼ਰਾਬ ਹੋਣ ਦਾ ਖਦਸ਼ਾ ਹੈ। ਤੇਜ਼ ਹਨ੍ਹੇਰੀ ਕਾਰਨ ਕਿਸਾਨਾਂ ਦੀ ਸੋਨੇ ਵਰਗੀ ਫਸਲ ਜ਼ਮੀਨ 'ਤੇ ਵਿਛ ਗਈ ਹੈ ਅਤੇ ਜ਼ਿਆਦਾ ਮੀਂਹ ਪੈਣ ਕਾਰਨ ਖੇਤ ਗਿੱਲੇ ਹੋਣ ਕਰਕੇ ਕੰਬਾਇਨਾਂ ਨਾ ਚੱਲਣ ਕਾਰਨ ਅਗਲੇ ਕੁੱਝ ਦਿਨ ਝੋਨੇ ਦੀ ਕਟਾਈ ਵੀ ਨਹੀਂ ਹੋ ਸਕੇਗੀ। ਉਧਰ ਅਜਨਾਲਾ ਅੰਮ੍ਰਿਤਸਰ ਮੁੱਖ ਮਾਰਗ (Ajnala Amritsar Main Road) 'ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਕਾਫ਼ੀ ਪ੍ਰਭਾਵਤ ਹੋ ਰਹੀ ਹੈ। ਜਿਸ ਕਾਰਨ ਕੰਮਾਂਕਾਰਾਂ 'ਤੇ ਜਾਣ ਵਾਲੇ ਲੋਕਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਬੇਮੌਸਮੀ ਮੀਂਹ ਨਾਲ ਉਨ੍ਹਾਂ ਦਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸਾਨੂੰ ਫ਼ਸਲ ਦਾ ਮੁਆਵਜ਼ਾ (Crop compensation) ਦਿੱਤਾ ਜਾਵੇ।