ਕਿਸਾਨਾਂ ਨੇ ਰੇਲ ਟਰੈਕ ਬਸਤੀ ਟੈਂਕਾ ਵਾਲੀ 'ਤੇ ਮੋਦੀ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ - ਰੇਲ ਟਰੈਕ ਬਸਤੀ ਟੈਂਕਾ ਵਾਲੀ
ਫ਼ਿਰੋਜ਼ਪੁਰ: ਜ਼ਿਲ੍ਹੇ ਵਿੱਚ ਰੇਲ ਰੋਕੋ ਅੰਦੋਲਨ ਦੇ 27ਵੇਂ ਦਿਨ ਕਿਸਾਨਾਂ ਨੇ ਰੇਲ ਟਰੈਕ ਬਸਤੀ ਟੈਂਕਾ ਵਾਲੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਰੋਸ ਪ੍ਰਦਰਸ਼ਨ ਵਿੱਚ ਜੁੜੇ ਅੰਦੋਲਨਕਾਰੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਗੁਰਲਾਲ ਸਿੰਘ ਪੰਡੋਰੀ ਰਣ ਸਿੰਘ, ਇੰਦਰਜੀਤ ਸਿੰਘ ਬਾਠ, ਰਣਧੀਰ ਸਿੰਘ ਠੱਠਾ, ਸਲਵਿੰਦਰ ਸਿੰਘ ਜਾਣੀਆਂ ਨੇ ਕਿਹਾ ਕਿ ਕੋਰ ਕਮੇਟੀ ਪੰਜਾਬ ਦੀ ਮੀਟਿੰਗ ਹੁਣ 21 ਅਕਤੂਬਰ ਨੂੰ ਕੀਤੀ ਜਾਵੇਗੀ ਤੇ ਅਗਲੇ ਸੰਘਰਸ਼ ਦਾ ਐਲਾਨ 22 ਅਕਤੂਬਰ ਨੂੰ ਕੀਤਾ ਜਾਵੇਗਾ। ਕਿਸਾਨ ਆਗੂਆਂ ਅੱਗੇ ਕਿਹਾ ਕਿ ਕੈਪਟਨ ਸਰਕਾਰ ਵਿਧਾਨ ਸਭਾ ਦੇ ਇਜਲਾਸ ਵਿੱਚ ਤਿੰਨੇ ਖੇਤੀ ਕਨੂੰਨਾਂ ਨੂੰ ਬੇਅਸਰ ਕਰਨ ਦੇ ਨਾਲ-ਨਾਲ ਏਪੀਐਮਸੀ ਐਕਟ 1961 ਵਿੱਚ 2005, 2013 ਤੇ 2017 ਵਿੱਚ ਨਿੱਜੀ ਮੰਡੀਆਂ ਬਣਾਉਣ ਦੀ ਖੁੱਲ੍ਹ ਦੇਣ ਲਈ ਕੀਤੀਆਂ ਸੋਧਾਂ ਵੀ ਰੱਦ ਕੀਤੀਆਂ ਜਾਣ ਤੇ ਕੇਂਦਰ ਦੀਆਂ ਸ਼ਕਤੀਆਂ ਦਾ ਵਿਕੇਂਦਰੀਕਰਨ ਕਰਨ, 4 ਵਿਭਾਗ ਕੇਂਦਰ ਪਾਸ ਛੱਡ ਕੇ ਬਾਕੀ ਮਹਿਕਮੇ ਰਾਜਾਂ ਨੂੰ ਦੇਣ, ਰਾਜਾਂ ਦੇ ਟੈਕਸ ਵਿੱਚੋਂ 95% ਹਿੱਸਾ ਰਾਜਾਂ ਨੂੰ ਦੇਣ, M.S.P. ਨੂੰ ਸੰਵਿਧਾਨਕ ਦਰਜਾ ਦੇ ਕੇ ਮੌਲਿਕ ਅਧਿਕਾਰਾਂ ਵਿੱਚ ਸ਼ਾਮਲ ਕਰਨ ਦੇ ਮਤੇ ਵੀ ਪਾਸ ਕੀਤੇ ਜਾਣ ਤੇ ਬਿਜਲੀ ਸੋਧ ਬਿੱਲ 2020 ਦੇ ਖਰੜੇ ਨੂੰ ਰੱਦ ਕਰਨ ਦਾ ਮਤਾ ਵੀ ਪਾਸ ਕੀਤਾ ਜਾਵੇ।