ਦੁਕਾਨਦਾਰਾਂ ਦਾ ਚਲਾਨ ਕੱਟਣ 'ਤੇ ਕਿਸਾਨਾਂ ਨੇ ਪੁਲਿਸ ਮੁਲਾਜ਼ਮਾਂ ਦਾ ਕੀਤਾ ਵਿਰੋਧ
ਅੰਮ੍ਰਿਤਸਰ : ਸੂਬੇ 'ਚ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਕੋਰੋਨਾ ਪਾਬੰਦੀਆਂ ਲਾਈਆਂ ਗਈਆਂ ਹਨ। ਇਸ ਦੌਰਾਨ ਗੈਰ ਜ਼ਰੂਰੀ ਦੁਕਾਨਾਂ ਖੋਲ੍ਹਣ ਦੀ ਮਨਾਹੀ ਹੈ। ਕਸਬਾ ਜੰਡੀਆਲਾ ਵਿਖੇ ਵੀਕੈਂਡ ਲੌਕਡਾਊਨ ਦੀ ਉਲੰਘਣਾ ਕਰਦਿਆਂ ਕੁੱਝ ਦੁਕਾਨਦਾਰਾਂ ਨੇ ਦੁਕਾਨਾਂ ਖੋਲ੍ਹੀਆਂ ਸਨ, ਇਸ ਦੌਰਾਨ ਦੁਕਾਨਦਾਰਾਂ ਦਾ ਚਲਾਨ ਕੱਟਣ 'ਤੇ ਕਿਸਾਨਾਂ ਨੇ ਪੁਲਿਸ ਮੁਲਾਜ਼ਮਾਂ ਦਾ ਵਿਰੋਧ ਕੀਤਾ। ਕਿਸਾਨਾਂ ਤੇ ਦੁਕਾਨਦਾਰਾਂ ਨੇ ਕਿਹਾ ਕਿ ਕੋਰੋਨਾ ਕਾਲ 'ਚ ਪਹਿਲਾਂ ਹੀ ਕੰਮ ਘੱਟ ਹੈ, ਜਿਸ ਕਾਰਨ ਲੋਕਾਂ ਨੂੰ ਆਰਥਿਕ ਮੰਦੀ ਦੀ ਮਾਰ ਝੱਲਣੀ ਪੈ ਰਹੀ ਹੈ ਤੇ ਘਰ ਦਾ ਗੁਜ਼ਾਰਾ ਬੇਹਦ ਔਖਾ ਹੋ ਰਿਹਾ ਹੈ। ਅਜਿਹੇ 'ਚ ਬੱਚਿਆਂ ਨੂੰ ਪਾਲਣ ਲਈ ਕੰਮ ਕਰਨਾ ਜ਼ਰੂਰੀ ਹੈ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਮੁਖ ਮੰਤਰੀ ਨੂੰ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਇਸ ਦੌਰਾਨ ਪੁਲਿਸ ਦੀ ਤਨਖਾਹਾਂ ਬੰਦ ਕਰਨ ਦੀ ਵੀ ਮੰਗ ਕੀਤੀ ਤਾਂ ਜੋ ਉਹ ਆਮ ਲੋਕਾਂ ਦੇ ਹਾਲਾਤ ਜਾਣ ਸਕਣ।