ਖੰਨਾ-ਸਮਰਾਲਾ ਰੋਡ ਨਾ ਬਣਨ 'ਤੇ ਕਿਸਾਨਾਂ ਨੇ ਲਾਇਆ ਧਰਨਾ - ਰਾਸ਼ਟਰੀ ਰਾਜਮਾਰਗ
ਲੁਧਿਆਣਾ: ਖੰਨਾ ਤੋਂ ਨਵਾਂਸ਼ਹਿਰ ਹੁੰਦੇ ਹੋਏ ਜੰਮੂ-ਕਸ਼ਮੀਰ ਤੱਕ ਜਾਣ ਵਾਲੀ ਸੜਕ ਨੂੰ ਭਾਵੇਂ ਰਾਸ਼ਟਰੀ ਰਾਜਮਾਰਗ ਦਾ ਦਰਜਾ ਮਿਲ ਚੁੱਕਾ ਹੈ। ਇਸ ਦੇ ਬਾਵਜੂਦ 15 ਸਾਲਾਂ ਤੋਂ ਇਹ ਸੜਕ ਸਹੀ ਢੰਗ ਨਾਲ ਨਹੀਂ ਬਣ ਸਕੀ ਹੈ। ਖ਼ਰਾਬ ਸੜਕ ਦੇ ਚਲਦੇ ਸਥਾਨਕ ਲੋਕਾਂ ਤੇ ਰਾਹਗੀਰਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਖ਼ਰਾਬ ਸੜਕ ਕਈ ਹਾਦਸਿਆਂ ਦਾ ਕਾਰਨ ਬਣ ਚੁੱਕੀ ਹੈ। ਇਸ ਨੂੰ ਲੈ ਕੇ ਸਥਾਨਕ ਲੋਕਾਂ ਤੇ ਕਿਸਾਨਾਂ ਨੇ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਬਰਧਾਲਾਂ ਦੇ ਕੋਲ ਰੋਡ ਜਾਮ ਕਰਦੇ ਹੋਏ ਤਿੰਨ ਘੰਟੇ ਤੱਕ ਧਰਨਾ ਲਾਇਆ। ਪ੍ਰਦਰਸ਼ਨਕਾਰੀਆਂ ਨੇ ਖੰਨਾ ਤੇ ਸਮਰਾਲਾ ਦੇ ਵਿਧਾਇਕਾਂ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਇਸ ਮੌਕੇ ਕਿਸਾਨ ਆਗੂ ਰਜਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਜੇਕਰ 29 ਜਨਵਰੀ ਤੋਂ ਸੜਕ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਏਡੀਸੀ ਦਫਤਰ ਬਾਹਰ ਪੱਕੇ ਤੌਰ 'ਤੇ ਧਰਨਾ ਲਾਇਆ ਜਾਵੇਗਾ।