'ਦਿੱਲੀ ਚੱਲੋ' ਤਹਿਤ ਕਿਸਾਨ ਹੋਏ ਰਾਜਧਾਨੀ ਨੂੰ ਰਵਾਨਾ
ਲੁਧਿਆਣਾ: ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਲਗਾਤਾਰ ਧਰਨੇ ਲਗਾ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਦਿੱਲੀ 'ਚ ਪੱਕੇ ਧਰਨੇ ਲਾਉਣ ਲਈ ਬੁੱਧਵਾਰ ਨੂੰ ਸਮਰਾਲਾ ਦੇ ਟੋਲ ਪਲਾਜ਼ੇ 'ਤੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦਾ ਭਰਵਾਂ ਇਕੱਠ ਸੱਦਿਆ ਗਿਆ। ਜਥੇਬੰਦੀ ਵੱਲੋਂ ਪੂਰੇ ਜੋਸ਼-ਖਰੋਸ਼ ਨਾਲ ਕਿਸਾਨਾਂ ਦੀਆਂ ਟ੍ਰੈਕਟਰ ਟਰਾਲੀਆਂ ਨੂੰ ਪੂਰੇ ਰਾਸ਼ਨ ਪਾਣੀ ਅਤੇ ਵਰਕਰਾਂ ਦੀ ਭਰਵੀਂ ਗਿਣਤੀ ਨਾਲ ਦਿੱਲੀ ਲਈ ਰਵਾਨਾ ਕੀਤਾ ਗਿਆ। ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕੇਂਦਰ ਨਾਲ ਆਰ-ਪਾਰ ਦੀ ਲੜਾਈ ਸ਼ੁਰੂ ਹੋ ਗਈ ਹੈ ਅਤੇ ਜਦੋਂ ਤੱਕ ਕੇਂਦਰ ਸਰਕਾਰ ਆਪਣੇ ਕਾਨੂੰਨ ਵਾਪਸ ਨਹੀਂ ਲਵੇਗੀ, ਸਮੁੱਚੇ ਕਿਸਾਨਾਂ ਵੱਲੋਂ ਅਣਮਿੱਥੇ ਸਮੇਂ ਲਈ ਦਿੱਲੀ 'ਚ ਪੱਕਾ ਮੋਰਚਾ ਲਾਇਆ ਜਾਵੇਗਾ।