ਗੁਰਦਾਸਪੁਰ 'ਚ ਕਿਸਾਨਾਂ ਨੇ ਮੋਦੀ ਦਾ ਪਿੱਟ ਸਿਆਪਾ ਕਰਕੇ ਪੁਤਲਾ ਫੂਕਿਆ - ਕਿਸਾਨ ਸੰਘਰਸ਼
ਗੁਰਦਾਸਪੁਰ: ਮੋਦੀ ਸਰਕਾਰ ਵੱਲੋਂ ਖੇਤੀ ਆਰਡੀਨੈਂਸਾਂ ਨੂੰ ਦੋਵਾਂ ਸਦਨਾਂ ਵਿੱਚ ਪਾਸ ਕਰਨ ਨਾਲ ਕਿਸਾਨਾਂ ਵਿੱਚ ਰੋਹ ਹੋਰ ਭਖ ਗਿਆ ਹੈ। ਗੁਰਦਾਸਪੁਰ ਦੇ ਕਸਬਾ ਹਰਚੌਵਾਲ ਵਿਖੇ ਮਾਝਾ ਕਿਸਾਨ ਸੰਘਰਸ਼ ਕਮੇਟੀ ਨੇ ਗੁਰਦਾਸਪੁਰ-ਹਰਗੋਬਿੰਦਪੁਰ ਮੁੱਖ ਮਾਰਗ 'ਤੇ ਚੱਕਾ ਜਾਮ ਕਰ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਕਿਸਾਨਾਂ ਨੇ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਦੇ ਹੋਏ ਜਿਥੇ ਪਿੱਟ ਸਿਆਪਾ ਕੀਤਾ, ਉਥੇ ਭਰਵੀਂ ਨਾਹਰੇਬਾਜ਼ੀ ਕੀਤੀ। ਕਿਸਾਨਾਂ ਆਗੂਆਂ ਬਲਵਿੰਦਰ ਸਿੰਘ ਤੇ ਦਲੀਪ ਸਿੰਘ ਨੇ ਕਿਹਾ ਕਿ ਜਦੋਂ ਤੱਕ ਇਨ੍ਹਾਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਜਾਂਦਾ ਤਦ ਤੱਕ ਉਨ੍ਹਾਂ ਦਾ ਸੰਘਰਸ਼ ਚੱਲਦਾ ਰਹੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਪੂਰੇ ਪੰਜਾਬ ਭਰ 'ਚ ਸੰਘਰਸ਼ ਹੋਰ ਤੇਜ਼ ਹੋਵੇਗਾ।