ਝੋਨੇ ਦੀ ਫ਼ਸਲ ਲਾਉਣ ਲਈ ਕਿਸਾਨਾਂ ਕੋਲ ਨਹੀਂ ਲੇਬਰ, ਵਧੀਆਂ ਮੁਸ਼ਕਿਲਾਂ
ਜਲੰਧਰ: ਪੰਜਾਬ ਵਿੱਚ ਕਰਫਿਊ ਹੱਟਣ ਤੋਂ ਬਾਅਦ ਕਈ ਲੋਕਾਂ ਨੂੰ ਜਿੱਥੇ ਰਾਹਤ ਮਿਲੀ ਹੈ, ਉੱਥੇ ਹੀ ਕਿਸਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿੱਚ ਅਗਲੇ ਮਹੀਨੇ ਤੋਂ ਝੋਨੇ ਦੀ ਫ਼ਸਲ ਲਗਾਈ ਜਾਣੀ ਹੈ। ਇਹ ਇੱਕ ਅਜਿਹੀ ਫ਼ਸਲ ਹੈ, ਜਿਸ ਨੂੰ ਲਗਾਉਣ ਲਈ ਸਭ ਤੋਂ ਜ਼ਿਆਦਾ ਲੇਬਰ ਦੀ ਲੋੜ ਪੈਂਦੀ ਹੈ। ਪਰ ਕੋਰੋਨਾ ਕਰਕੇ ਲੇਬਰ ਪੰਜਾਬ ਵਿੱਚੋਂ ਲੱਖਾਂ ਦੀ ਗਿਣਤੀ ਵਿੱਚ ਆਪਣੇ ਪਰਿਵਾਰਾਂ ਸਮੇਤ ਵਾਪਸ ਆਪਣੇ ਪਿੰਡਾਂ ਨੂੰ ਚਲੀ ਗਈ ਹੈ, ਜਿਸ ਕਰਕੇ ਕਿਸਾਨਾਂ ਦੀ ਮੁਸ਼ਕਿਲ ਵੱਧ ਗਈ ਹੈ। ਇਸ ਮੌਕੇ ਜਲੰਧਰ ਦੇ ਪਿੰਡ ਰਾਣੀ ਭੱਟੀ ਦੇ ਇੱਕ ਕਿਸਾਨ ਨੇ ਦੱਸਿਆ ਕਿ ਕੋਰੋਨਾ ਕਰਕੇ ਪੰਜਾਬ 'ਚ ਲੇਬਰ ਨਹੀਂ ਹੈ। ਜੇਕਰ ਕੋਈ ਲੇਬਰ ਮਿਲ ਵੀ ਰਹੀ ਹੈ ਤਾਂ ਉਹ ਜ਼ਿਆਦਾ ਪੈਸਿਆਂ ਦੀ ਮੰਗ ਕਰ ਰਹੀ ਹੈ।