ਖੇਤੀ ਸੈਕਟਰ ਲਈ ਮਾੜੀ ਬਿਜਲੀ ਸਪਲਾਈ ਤੋਂ ਦੁਖੀ ਕਿਸਾਨਾਂ ਵੱਲੋਂ ਐਸਸੀ ਦਫ਼ਤਰ ਅੱਗੇ ਨਾਅਰੇਬਾਜ਼ੀ
ਬਰਨਾਲਾ: ਖੇਤੀ ਸੈਕਟਰ ਲਈ ਮਾੜੀ ਬਿਜਲੀ ਸਪਲਾਈ ਦਿੱਤੇ ਜਾਣ ਤੋਂ ਦੁਖੀ ਕਿਸਾਨਾਂ ਨੇ ਬਰਨਾਲਾ ਦੇ ਐਸਸੀ ਦਫ਼ਤਰ ਅੱਗੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਝੋਨੇ ਦੀ ਫ਼ਸਲ ਪੱਕਣ ਉੱਤੇ ਆਈ ਹੋਈ ਹੈ ਪਰ ਪਾਵਰਕਾਮ ਵੱਲੋਂ ਬਹੁਤ ਹੀ ਮਾੜੀ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਇਸ ਕਰਕੇ ਉਨ੍ਹਾਂ ਨੂੰ ਫ਼ਸਲਾਂ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਭਾਵੇਂ ਕਿਸਾਨਾਂ ਨੂੰ 10 ਤੋਂ 12 ਘੰਟੇ ਬਿਜਲੀ ਸਪਲਾਈ ਦੇਣ ਦਾ ਦਾਅਵਾ ਕੀਤਾ ਹੈ ਪਰ ਕਿਸਾਨਾਂ ਨੂੰ ਪਾਵਰਕਾਮ ਦੇ ਨਾਂਅ 'ਤੇ ਸਿਰਫ਼ 2 ਘੰਟੇ ਹੀ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਮੱਸਿਆ ਨੂੰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਸੀ ਪਰ ਅਧਿਕਾਰੀ ਉਨ੍ਹਾਂ ਨੂੰ ਲਾਰੇ ਲਾ ਕੇ ਟਾਲ ਮਟੋਲ ਕਰਦੇ ਰਹੇ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਸਪਲਾਈ ਦਾ ਠੋਸ ਹੱਲ ਨਾ ਹੋਇਆ ਤਾਂ ਉਹ ਐਸਸੀ ਦਫ਼ਤਰ ਅੱਗੇ ਪੱਕਾ ਮੋਰਚਾ ਲਗਾਉਣਗੇ।