ਮੰਗਾਂ ਲਾਗੂ ਨਾ ਕਰਨ ਦੇ ਵਿਰੋਧ 'ਚ ਕਿਸਾਨਾਂ ਨੇ ਬਠਿੰਡਾ ਸਕੱਤਰੇਤ ਘੇਰਿਆ
ਬਠਿੰਡਾ: ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਸ਼ੁੱਕਰਵਾਰ ਨੂੰ ਪੂਰਨ ਰੂਪ ਵਿੱਚ ਦੋ ਘੰਟੇ ਲਈ ਮਿੰਨੀ ਸਕੱਤਰੇਤ ਘੇਰ ਲਿਆ ਅਤੇ ਧਰਨਾ ਲਾ ਦਿੱਤਾ। ਕਿਸਾਨ ਯੂਨੀਅਨ ਨੇ ਮੰਗਾਂ ਸਬੰਧੀ ਡੀਸੀ ਦਫ਼ਤਰ ਰਾਹੀਂ ਇੱਕ ਮੰਗ ਪੱਤਰ ਮੁੱਖ ਮੰਤਰੀ ਦੇ ਨਾਂਅ ਸੌਂਪਿਆ। ਜ਼ਿਲ੍ਹਾ ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਧਰਨੇ ਨੂੰ 10 ਦਿਨ ਹੋ ਗਏ ਹਨ। ਪਰ ਮੰਗਾਂ ਨਹੀਂ ਲਾਗੂ ਹੋਈਆਂ, ਜਿਨ੍ਹਾਂ ਵਿੱਚ ਮ੍ਰਿਤਕ ਕਿਸਾਨ ਜਗਸੀਰ ਦੇ ਮੁੰਡੇ ਨੂੰ ਸਰਕਾਰੀ ਨੌਕਰੀ, ਪਰਾਲੀ ਸਬੰਧੀ ਪਾਏ ਕੇਸ, ਜੁਰਮਾਨੇ, ਰੈਡ ਐਂਟਰੀਆਂ ਰੱਦ ਕਰਨੀਆਂ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਜਿੰਨਾ ਚਿਰ ਮੰਗਾਂ ਲਾਗੂ ਨਹੀਂ ਹੁੰਦੀਆਂ ਸੰਘਰਸ਼ ਜਾਰੀ ਰਹੇਗਾ।