ਡੀ.ਏ.ਪੀ ਖਾਦ ਦੀ ਕਿੱਲਤ ਨੂੰ ਹੱਲ ਕਰਨ ਲਈ ਕਿਸਾਨਾਂ ਕੀਤੀ ਅਪੀਲ
ਸ੍ਰੀ ਫਤਿਹਗੜ੍ਹ ਸਾਹਿਬ : ਪੰਜਾਬ ਵਿਚ ਜਿਥੇ ਕਿਸਾਨਾਂ ਨੂੰ ਪਹਿਲਾਂ ਮੀਂਹ ਕਾਰਨ ਫਸਲ ਦੇ ਹੋਏ ਨੁਕਸਾਨ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਹੁਣ ਪੰਜਾਬ ਵਿੱਚ ਕਣਕ ਦੀ ਫਸਲ ਦੀ ਬਿਜਾਈ ਸ਼ੁਰੂ ਹੋਣ 'ਤੇ ਡੀਏਪੀ ਖਾਦ ਨਾ ਮਿਲਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਣਕ ਦੀ ਫਸਲ ਲਈ ਡੀਏਪੀ ਖਾਦ ਦੀ ਜਰੂਰਤ ਹੈ। ਜਿਸ ਕਾਰਨ ਕਿਸਾਨ ਮੁਸੀਬਤ ਦੀ ਘੜੀ ਵਿਚੋਂ ਲੰਘ ਰਹੇ ਹਨ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਡੀਏਪੀ ਖਾਦ ਦਾ ਜਲਦ ਤੋਂ ਜਲਦ ਹੱਲ ਕਰਨਾ ਚਾਹੀਦਾ ਹੈ ਨਹੀਂ ਉਨ੍ਹਾਂ ਨੂੰ ਹੋਰ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਹਲਕਾ ਅਮਲੋਹ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਦਾ ਹਲਕਾ ਹੈ, ਇੱਥੇ ਵੀ ਕਣਕ ਦੀ ਬਿਜਾਈ ਅਤੇ ਆਲੂ ਦੀ ਫ਼ਸਲ ਲਈ ਡੀਏਪੀ ਖਾਦ ਉਪਲੱਬਧ ਨਹੀਂ ਹੋ ਰਹੀ। ਜਿਸ ਕਾਰਨ ਉਹ ਅੱਜ ਡੀਏਪੀ ਖਾਦ ਤੋਂ ਬਿਨਾਂ ਹੀ ਫਸਲ ਬੀਜਣ ਲਈ ਮਜ਼ਬੂਰ ਹਨ। ਜਿਸ ਕਰਕੇ ਸਰਕਾਰ ਨੂੰ ਜਲਦ ਤੋਂ ਜਲਦ ਡੀਏਪੀ ਖਾਦ ਦੀ ਜ਼ਰੂਰਤ ਨੂੰ ਪੂਰਾ ਕਰਨਾ ਚਾਹੀਦਾ ਹੈ।