ਖੇਤੀ ਕਾਨੂੰਨ ਰੱਦ ਨਾ ਹੋਣ ਦੇ ਚਲਦੇ ਕਿਸਾਨ ਨੇ ਕੀਤੀ ਖ਼ੁਦਕਸ਼ੀ ਦੀ ਕੋਸ਼ਿਸ਼ - ਕੇਂਦਰ ਸਰਕਾਰ ਦਾ ਕਿਸਾਨਾਂ ਪ੍ਰਤੀ ਅੜੀਅਲ ਰਵਾਇਆ
ਅੰਮ੍ਰਿਤਸਰ: ਖੇਤੀ ਕਾਨੂੰਨ ਰੱਦ ਕਰਵਾਉਣ ਲਈ ਜਿਥੇ ਇੱਕ ਪਾਸੇ ਦਿੱਲੀ 'ਚ ਕਿਸਾਨ ਅੰਦੋਲਨ ਜਾਰੀ ਹੈ, ਉਥੇ ਹੀ ਸੂਬੇ 'ਚ ਵੀ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਜਾਰੀ ਹੈ। ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਨਾ ਕੀਤੇ ਜਾਣ ਤੋਂ ਪਰੇਸ਼ਾਨ ਇੱਕ ਕਿਸਾਨ ਨੇ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਫਿਲਹਾਲ ਸਮਾਂ ਰਹਿੰਦੇ ਹੀ ਕਿਸਾਨ ਨੂੰ ਛੇਹਰਟਾ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਵਾਇਆ ਗਿਆ। ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨ ਦੀ ਪਛਾਣ ਜਸਬੀਰ ਸਿੰਘ ਪਿੰਡ ਅਜਨਾਲਾ ਦੇ ਵਸਨੀਕ ਵਜੋਂ ਹੋਈ ਹੈ। ਜਸਬੀਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਸਬੀਰ 15 ਦਿਨ ਦਿੱਲੀ ਵਿਖੇ ਕਿਸਾਨ ਅੰਦੋਲਨ 'ਚ ਰਹਿ ਕੇ ਆਇਆ ਹੈ ਤੇ ਉਹ ਰੋਜ਼ਾਨਾ ਭਾਜਪਾ ਆਗੂ ਸ਼ਵੇਤ ਮਲਿਕ ਦੇ ਘਰ ਬਾਹਰ ਕਿਸਾਨਾਂ ਦੇ ਧਰਨੇ 'ਚ ਸ਼ਾਮਲ ਹੋਣ ਜਾਂਦਾ ਹੈ। ਕੇਂਦਰ ਸਰਕਾਰ ਦਾ ਕਿਸਾਨਾਂ ਪ੍ਰਤੀ ਅੜੀਅਲ ਰਵੱਈਏ ਕਾਰਨ ਉਹ ਬੇਹਦ ਪਰੇਸ਼ਾਨ ਸੀ, ਜਿਸ ਚਲਦੇ ਉਸ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਜਸਬੀਰ ਦਾ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਮਰੀਜ਼ ਦੀ ਹਾਲਤ ਗੰਭੀਰ ਹੈ। ਫਿਲਹਾਲ ਮਰੀਜ਼ ਨੂੰ ਡਾਕਟਰਾਂ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ।