ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਮੋਬਾਈਲ ਟਾਵਰ 'ਤੇ ਚੜ੍ਹਿਆ ਕਿਸਾਨ - ਕੇਂਦਰੀ ਸਰਕਾਰ
ਅੰਮ੍ਰਿਤਸਰ : ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕਿਸਾਨਾਂ 'ਚ ਭਾਰੀ ਰੋਸ ਹੈ। ਇਸ ਨੂੰ ਲੈ ਕੇ ਪੰਜਾਬ ਭਰ 'ਚ ਵੱਖ-ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਖੇਤੀ ਆਰਡੀਨੈਂਸਾਂ ਨੂੰ ਲੈ ਕੇ ਜਿਥੇ ਕਿਸਾਨ ਪ੍ਰੀਤਮ ਸਿੰਘ ਨੇ ਬਾਦਲ ਪਿੰਡ 'ਚ ਖ਼ੁਦਕੁਸ਼ੀ ਕਰ ਲਈ ਸੀ, ਉੱਥੇ ਹੀ ਹੁਣ ਅੰਮ੍ਰਿਤਸਰ ਦਾ ਇੱਕ 50 ਸਾਲਾ ਕਿਸਾਨ ਬਖ਼ਤਾਵਰ ਸਿੰਘ ਵੀ ਇਨ੍ਹਾਂ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਮੋਬਾਈਲ ਟਾਵਰ 'ਤੇ ਚੜ੍ਹ ਗਿਆ। ਪੁਲਿਸ ਪ੍ਰਸ਼ਾਸਨ ਵੱਲੋਂ 4 ਘੰਟਿਆਂ ਦੀ ਕੜੀ ਮਸ਼ਕਤ ਤੋਂ ਬਾਅਦ ਉਕਤ ਕਿਸਾਨ ਨੂੰ ਸਮਝਾ-ਬੁਝਾ ਕੇ ਹੇਠਾਂ ਉਤਾਰਿਆ ਗਿਆ। ਬਖ਼ਤਾਵਰ ਸਿੰਘ ਨੇ ਕੇਂਦਰੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਨੂੰ ਵਾਪਸ ਲਏ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦੀ ਗੱਲ ਆਖੀ। ਉਨ੍ਹਾਂ ਆਖਿਆ ਕਿ ਉਹ ਕਿਸਾਨ ਮਾਰੂ ਨੀਤੀਆਂ ਨੂੰ ਕਦੇ ਲਾਗੂ ਨਹੀਂ ਹੋਣ ਦੇਣਗੇ।